ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਨਾਲ ਹਰ ਵਰਗ ਵਿੱਚ ਹਾਹਾਕਾਰ ਮੱਚ ਗਈ ਹੈ। ਸਰਕਾਰ ਨੇ ਬੇਸ਼ੱਕ ਭਰੋਸਾ ਦਿੱਤਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਤੇ ਅਗਲੇ 50 ਦਿਨਾਂ ਵਿੱਚ ਇਹ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ ਪਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ।
ਅੱਜ ਸਵੇਰੇ ਹੀ ਪੈਟਰੋਲ ਪੰਪਾਂ 'ਤੇ ਲੰਮੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੂੰ ਸਵੇਰੇ ਹੀ ਦੁੱਧ, ਅੰਡੇ, ਬਰੈੱਡ, ਸਬਜ਼ੀ ਤੇ ਨਾਸ਼ਤੇ ਦਾ ਹੋਰ ਸਾਮਾਨ ਖਰੀਦਣ ਵਿੱਚ ਵੀ ਦਿੱਕਤ ਆਈ। ਦੁਕਾਨਦਾਰ, ਛੋਟੇ ਕਾਰੋਬਾਰੀ ਤੇ ਇੱਥੋਂ ਤੱਕ ਕਿ ਰੇਹੜੀਵਾਲੇ ਵੀ ਪ੍ਰੇਸ਼ਾਨ ਦਿਖਾਈ ਦਿੱਤੇ। ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟਾਂ ਨੂੰ ਲੰਘੀ ਅੱਧੀ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਕਾਲੇ ਧਨ, ਫਰਜ਼ੀ ਕਰੰਸੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਪਹਿਲਾ ਵੱਡਾ ਕਦਮ ਚੁੱਕਿਆ ਹੈ। ਉਂਝ, ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ 500 ਤੇ 1000 ਰੁਪਏ ਦੇ ਨੋਟ ਹਨ, ਉਹ ਆਪਣੇ ਬੈਂਕਾਂ ਤੇ ਡਾਕਖਾਨਿਆਂ ਦੇ ਖ਼ਾਤਿਆਂ ’ਚ 10 ਨਵੰਬਰ ਤੋਂ 30 ਦਸੰਬਰ ਤੱਕ ਇਹ ਕਰੰਸੀ ਜਮ੍ਹਾਂ ਕਰਵਾ ਸਕਦੇ ਹਨ।