ਚੰਡੀਗੜ੍ਹ: ਭਾਰਤ ਸਰਕਾਰ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਕੇ ਇੱਕ ਵਾਰ ਸਭ ਨੂੰ ਝਟਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਮੋਦੀ ਨੇ ਕਿਹਾ ਕਿ ਇਹ ਕਦਮ ਅਤਿਵਾਦ, ਕਾਲੇ ਧਨ, ਜਾਅਲੀ ਨੋਟਾਂ ਦੇ ਧੰਦੇ, ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਹੈ। ਇਸ ਲਈ ਦੇਸ਼ ਦੇ ਜਾਗਰੂਕ ਲੋਕ ਕੁਝ ਦਿਨਾਂ ਦੀ ਤੰਗੀ ਨੂੰ ਝੱਲ ਲੈਣਗੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਕਾਲਾ ਧਨ, ਜਾਅਲੀ ਨੋਟ, ਅਤਿਵਾਦ ਖ਼ਿਲਾਫ਼ ਫੈਸਲਾਕੁਨ ਜੰਗ ਦੀ ਲੋੜ ਹੈ। ਇਸ ਕਦਮ ਨਾਲ ਕਾਲੇ ਧਨ ਵਾਲਿਆਂ ਨੂੰ ਵੱਡੀ ਸੱਟ ਵੱਜੇਗੀ।

ਉਨ੍ਹਾਂ ਕਿਹਾ ਕਿ 500 ਤੇ 1000 ਰੁਪਏ ਵਾਲੇ ਨੋਟਾਂ ਦਾ ਹਿੱਸਾ 80 ਤੋਂ 90 ਫ਼ੀਸਦੀ ਤਕ ਪੁੱਜ ਗਿਆ ਹੈ। ਦੇਸ਼ ’ਚ ਨਕਦੀ ਦੇ ਵੱਧ ਲੈਣ-ਦੇਣ ਦਾ ਸਿੱਧਾ ਸਬੰਧ ਭ੍ਰਿਸ਼ਟਾਚਾਰ ਨਾਲ ਹੈ। ਇਸ ਤੋਂ ਕਮਾਈ ਕਾਰਨ ਮਹਿੰਗਾਈ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਤੇ ਸਮਾਜ ਨੂੰ ਸਿਉਂਕ ਵਾਂਗ ਖੋਖਲਾ ਕਰ ਰਿਹਾ ਤੇ ਇਸ ਨੂੰ ਖ਼ਤਮ ਕਰਨਾ ਪਏਗਾ।

ਉਂਝ ਵ੍ਹਾਈਟ ਮਨੀ ਵਾਲਿਆਂ ਨੂੰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 30 ਦਸੰਬਰ ਤੱਕ ਭਾਵ ਅਗਲੇ 50 ਦਿਨਾਂ ਵਿੱਚ ਇਹ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ 500 ਤੇ 1000 ਰੁਪਏ ਦੇ ਨੋਟ ਹਨ, ਉਹ ਆਪਣੇ ਬੈਂਕਾਂ ਤੇ ਡਾਕਖਾਨਿਆਂ ਦੇ ਖ਼ਾਤਿਆਂ ’ਚ 10 ਨਵੰਬਰ ਤੋਂ 30 ਦਸੰਬਰ ਤੱਕ ਇਹ ਕਰੰਸੀ ਜਮ੍ਹਾਂ ਕਰਵਾ ਸਕਦੇ ਹਨ।

ਦੱਸਣਯੋਗ ਹੈ ਕਿ ਜਿਨ੍ਹਾਂ ਲੋਕਾਂ ਕੋਲ ਬਲੈਕ ਮਨੀ ਨਹੀਂ ਪਰ ਉਨ੍ਹਾਂ ਕੋਲ 500-1000 ਰੁਪਏ ਦੇ ਕਾਫੀ ਜ਼ਿਆਦਾ ਨੋਟ ਹਨ, ਉਨ੍ਹਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਵ੍ਹਾਈਟ ਮਨੀ ਦਾ ਜਿੰਨਾ ਮਰਜ਼ੀ ਪੈਸਾ 30 ਦਸੰਬਰ ਤੱਕ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ।