ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਸਾਊਦੀ ਵਿੱਚ ਫਸੇ ਭਾਰਤੀਆਂ ਦੀਆਂ ਦਿਲ ਨੂੰ ਝੰਜੋੜਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਾਊਦੀ ਅਰਬ ਵਿੱਚ ਤਕਰੀਬਨ 4,000 ਭਾਰਤੀਆਂ ਫਸੇ ਹੋਏ ਹਨ ਜਿਨ੍ਹਾਂ ਦੀ ਹਾਲਤ ਮੰਦੇ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਤਕਰੀਬਨ 1,000 ਪੰਜਾਬੀ ਵੀ ਸ਼ਾਮਲ ਹਨ। ਤਾਜ਼ਾ ਮਾਮਲਾ ਰੁੜਕਾ ਕਲਾਂ ਦੇ ਸੋਹਣ ਲਾਲ ਦਾ ਹੈ। ਸੋਹਣ ਦੀਆਂ ਦੋ ਧੀਆਂ ਹਨ ਜਿਨ੍ਹਾਂ ਨੂੰ ਸੋਹਣ ਦੇ ਪਿਤਾ ਪਾਲਦੇ ਸੀ। ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸੋਹਣ ਦੇ ਪਿਤਾ ਦੀ ਸਿਹਤ ਢਿੱਲੀ ਹੋ ਗਈ ਪਰ ਸਾਊਦੀ ਦੀ ਕੰਪਨੀ ਨੇ ਉਸ ਨੂੰ ਵਾਪਸ ਨਹੀਂ ਆਉਣ ਦਿੱਤਾ। ਏਧਰ ਇਲਾਜ ਖੁਣੋਂ ਬਿਮਾਰ ਪਿਤਾ ਦੀ ਵੀ ਮੌਤ ਹੋ ਗਈ ਪਰ ਸੋਹਣ ਅਜੇ ਵੀ ਸਾਊਦੀ ਵਿੱਚ ਫਸਿਆ ਹੋਇਆ ਹੈ।

ਸੋਹਣ ਨੇ ਆਪਣੀ ਸਾਰੀ ਉਮਰ ਵਤਨਾਂ ਤੋਂ ਦੂਰ ਨੌਕਰੀ ਕਰਦਿਆਂ ਕੱਟ ਦਿੱਤੀ। ਪਿਤਾ ਦੋਵੇਂ ਕੁੜੀਆਂ ਪਾਲਦੇ ਰਹੇ। ਇੱਕ ਮਹੀਨੇ ਪਹਿਲਾਂ ਹੀ ਸੋਹਣ ਦੇ ਪਿਤਾ ਦੀ ਮੌਤ ਹੋ ਗਈ ਸੀ। ਹੁਣ ਘਰ ਵਿੱਚ ਦੋਵੇਂ ਭੈਣਾਂ ਇਕੱਲੀਆਂ ਰਹਿੰਦੀਆਂ ਹਨ। ਇੱਕ ਦਾ ਨਾਂ ਪੂਜਾ ਹੈ ਜੋ ਫਗਵਾੜਾ ਦੇ ਕਾਲਜ ਵਿੱਚ ਪੀਜੀ ਡਿਪਲੋਮਾ ਕਰਦੀ ਹੈ। ਛੋਟੀ ਭੈਣ ਦੇ ਨਾਲ-ਨਾਲ ਉਹ ਆਪਣਾ ਵੀ ਖਿਆਲ ਰੱਖਦੀ ਹੈ।

ਸੋਹਣ ਦੀ ਛੋਟੀ ਕੁੜੀ ਰੋਜ਼ੀ ਫੈਸ਼ਨ ਡਿਜ਼ਾਇਨਿੰਗ ਦੀ ਪੜ੍ਹਾਈ ਕਰ ਰਹੀ ਹੈ। ਜਦ ਧੀਆਂ ਨਾਲ ਗੱਲ ਹੁੰਦੀ ਹੈ ਤਾਂ ਉਹ ਦਿਲਾਸਾ ਜ਼ਰੂਰ ਦੇ ਦਿੰਦਾ ਹੈ ਕਿ ਜਲਦੀ ਘਰ ਆਏਗਾ ਪਰ ਅਸਲ ਵਿੱਚ ਉਸ ਨੂੰ ਖੁਦ ਵੀ ਨਹੀਂ ਪਤਾ ਕਿ ਉਹ ਕਦੋਂ ਘਰ ਆਏਗਾ? ਸੋਹਣ ਦੀਆਂ ਧੀਆਂ ਇਹੋ ਚਾਹੁੰਦੀਆਂ ਹਨ ਕਿ ਕਿਸੇ ਤਰਾਂ ਪਿਤਾ ਵਾਪਿਸ ਆ ਜਾਣ ਤਾਂ ਕਿ ਤਿੰਨੋਂ ਇਕੱਠੇ ਰਹਿ ਸਕਣ।

ਇਹ ਵੀ ਪੜ੍ਹੋ: ਸਾਊਦੀ 'ਚ ਫਸੇ ਪੰਜਾਬੀਆਂ ਦੀ ਖਬਰ ਨੇ ਝੰਜੋੜੇ ਦਿਲ, ਭਿਆਨਕ ਬਿਮਾਰੀਆਂ ਦਾ ਸ਼ਿਕਾਰ

ਸੋਹਣ ਦਾ ਭੀਤਜਾ ਗੁਰਪ੍ਰੀਤ ਉਸ ਨੂੰ ਵਾਪਿਸ ਭਾਰਤ ਲਿਆਉਣ ਲਈ ਲਗਾਤਾਰ ਅੰਬੈਸੀਆਂ ਨੂੰ ਚਿੱਠੀਆਂ ਲਿਖ ਰਿਹਾ ਹੈ। ਜਦੋਂ ਸੋਹਣ ਦੇ ਪਿਤਾ ਦੀ ਤਬੀਅਤ ਖਰਾਬ ਹੋਈ ਤਾਂ ਕੰਪਨੀ ਦੇ ਨਾਲ-ਨਾਲ ਉਸ ਨੇ ਅੰਬੈਸੀ ਨੂੰ ਵੀ ਬਿਮਾਰ ਪਿਤਾ ਦੀਆਂ ਤਸਵੀਰਾਂ ਤੇ ਮੈਡੀਕਲ ਰਿਪੋਰਟਾਂ ਭੇਜੀਆਂ ਸੀ ਤਾਂ ਜੋ ਸੋਹਣ ਆਖਰੀ ਵਾਰ ਆਪਣੇ ਮੁੰਡੇ ਦੀ ਸ਼ਕਲ ਵੇਖ ਸਕੇ। ਪਰ ਨਾ ਤਾਂ ਅੰਬੈਸੀ ਨੇ ਉਸ ਦੀ ਕੋਈ ਸੁਣੀ ਤੇ ਨਾ ਹੀ ਕੰਪਨੀ ਨੇ। ਅਖੀਰ ਪਿਤਾ ਆਪਣੇ ਪੁੱਤ ਨੂੰ ਆਖਰੀ ਵਾਰ ਵੇਖੇ ਬਿਨਾ ਹੀ ਦੁਨੀਆ ਤੋਂ ਅਲਵਿਦਾ ਹੋ ਗਿਆ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ 4000 ਭਾਰਤੀ, ਦਰਦਨਾਕ ਹਾਲਤ, ਵੀਡੀਓ ਭੇਜ ਕੀਤਾ ਖੁਲਾਸਾ