ਚੰਡੀਗੜ੍ਹ: ਲੰਦਨ ਵਿੱਚ ਬ੍ਰਿਟਿਸ਼ ਦੇ ਸੰਸਦ ‘ਹਾਊਸ ਆਫ਼ ਕਾਮਨਜ਼’ ਵਿੱਚ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਸਮਾਜ ਸੇਵਿਕਾ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਦਲਜੀਤ ਕੌਰ ਨੂੰ 'ਕਾਨਫਲੂਐਂਸ ਐਕਸੀਲੈਂਸ ਐਵਾਰਡ' ਨਾਲ ਨਵਾਜਿਆ ਗਿਆ। ਦਲਜੀਤ ਕੌਰ ਨੇ ਦੱਸਿਆ ਕਿ 2002 ਵਿੱਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ੀ ਲਾੜਿਆਂ ਦੀਆਂ ਸਤਾਈਆਂ ਪਤਨੀਆਂ ਦੇ ਹੱਕ ਵਿੱਚ ਇੱਕ ਮੈਮੋਰੈਂਡਮ ਦਿੱਤਾ ਸੀ।
ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁੱਦਿਆਂ ਨੂੰ ਬਹੁਤ ਸਮਰਥਨ ਮਿਲਿਆ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਦੁਨੀਆ ਵਿੱਚ ਸਭ ਤੋਂ ਵੱਧ ਮੌਜੂਦ ਹਨ ਤੇ 100 ਤੋਂ ਵੱਧ ਦੇਸ਼ਾਂ ਵਿੱਚ ਫੈਲੇ ਹੋਏ ਹਨ। ਦੂਜੇ ਪਾਸੇ ਦੁਨੀਆ ਨੂੰ ‘ਗਲੋਬਲ ਪਿੰਡ’ ਵਜੋਂ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਸੁਖੀ ਪਰਿਵਾਰ ਵਸਾਉਣ ਪ੍ਰਤੀ ਸੁਚੇਤ ਕਰਨਾ ਜ਼ਰੂਰੀ ਹੈ। ਨਹੀਂ ਤਾਂ ਕੁੜੀਆਂ ਤੇ ਉਨ੍ਹਾਂ ਦੇ ਮਾਪੇ ਸ਼ਿਕਾਰ ਬਣਦੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ‘ਬਲੂਮਿੰਗ ਸਮਾਈਲਜ਼ ਫਾਊਂਡੇਸ਼ਨ’ ਤੇ ਕਾਨੂੰਨੀ ਫਰਮ ‘ਇੰਡੀਅਨ ਲੀਗਲ ਜੰਕਸ਼ਨ’ ਵੱਲੋਂ ਸ਼ੁਰੂ ਕੀਤਾ ‘ਪ੍ਰੀਵੈਡਿੰਗ ਤੇ ਪੋਸਟ ਵੈਡਿੰਗ’ ਨਾਂਅ ਦਾ ਸਲਾਹ ਪ੍ਰੋਗਰਾਮ ਚੱਲ ਰਿਹਾ ਹੈ। ਉਨ੍ਹਾਂ ਨੇ ਯੂਕੇ ਵਿੱਚ ਇੱਕ ਪੀੜਤ ਨੂੰ ਜਾਇਦਾਦ ਦਾ ਹੱਕ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।