ਲਾਹੌਰ: ਜਾਸੂਸੀ ਤੇ ਬਗ਼ੈਰ ਦਸਤਾਵੇਜ਼ਾਂ ਦੇ ਪਾਕਿਸਤਾਨ ਦੀ ਯਾਤਰਾ ਕਰਨ ਦੇ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਦੀ ਤਿੰਨ ਸਾਲ ਦੀ ਸਜ਼ਾ 16 ਦਸੰਬਰ ਨੂੰ ਪੂਰੀ ਹੋ ਗਈ ਹੈ। ਪੇਸ਼ਾਵਰ ਹਾਈਕੋਰਟ ਨੇ ਹਾਮਿਦ ਨੂੰ ਯਾਤਰਾ ਨਾਲ ਜੁੜੇ ਦਸਤਾਵੇਜ਼ ਜਲਦ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਨੇ ਤਾਂ ਕਿ ਉਸ ਨੂੰ ਭਾਰਤ ਭੇਜਣਾ ਸੰਭਵ ਹੋ ਸਕੇ।


ਹਾਮਿਦ ਨੂੰ ਨਵੰਬਰ 2012 'ਚ ਪਾਕਿਸਤਾਨੀ ਦੇ ਕੋਹਾਟ ਤੋਂ ਹਿਰਾਸਤ 'ਚ ਲਿਆ ਗਿਆ ਸੀ। ਇਸ ਸਮੇਂ ਉਹ ਮਰਦਾਨ ਜੇਲ੍ਹ ਚ ਬੰਦ ਹੈ। ਬੀਬੀਸੀ ਮੁਤਾਬਕ ਚਾਰ ਨਵੰਬਰ 2012 ਨੂੰ ਹਾਮਿਦ ਨੇ ਮੁੰਬਈ ਤੋਂ ਕਾਬੁਲ ਦੀ ਫਲਾਇਟ ਲਈ ਸੀ ਤੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇੱਕ ਹਵਾਈ ਕੰਪਨੀ 'ਚ ਇੰਟਰਵਿਊ ਦੇਣ ਜਾ ਰਿਹਾ ਹੈ। 15 ਨਵੰਬਰ ਨੂੰ ਉਸਨੇ ਘਰ ਪਰਤਣਾ ਸੀ ਪਰ ਕਾਬੁਲ ਪਹੁੰਚਣ ਤੋਂ ਕੁਝ ਦਿਨ ਬਾਅਦ ਉਸਦਾ ਘਰ ਵਾਲਿਆਂ ਨਾਲ ਸੰਪਰਕ ਟੁੱਟ ਗਿਆ।

ਸਬੰਧਤ ਖ਼ਬਰ: ਸਰਬਜੀਤ ਸਿੰਘ ਦੇ ਕਤਲ ਕੇਸ 'ਚੋਂ ਮੁੱਖ ਮੁਲਜ਼ਮ ਬਰੀ

ਓਧਰ, ਪੁਲਿਸ ਮੁਤਾਬਕ ਕੋਹਾਟ ਦੇ ਇੱਕ ਹੋਟਲ 'ਚ ਕਮਰਾ ਕਿਰਾਏ ਤੇ ਲੈਣ ਲੱਗਿਆ ਹਾਮਿਦ ਨੇ ਜਾਅਲੀ ਪਛਾਣ ਪੱਤਰ ਵਰਤਿਆ ਜਿਸ ਤੇ ਸ਼ੱਕ ਹੋਣ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ 'ਚ ਲਿਆ। ਹਾਮਿਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਕੋਹਟ ਦੀ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਤੇ ਉਸਨੂੰ ਮਿਲ ਲਈ ਹੀ ਉੱਥੇ ਜਾਣਾ ਚਾਹੁੰਦਾ ਸੀ। ਪਰ ਪਾਕਿਸਤਾਨ ਦੇ ਯੂਚਨਾ ਵਿਭਾਗ ਮੁਤਾਬਕ ਹਾਮਿਦ ਨੇ ਪੁੱਛਗਿੱਛ 'ਚ ਇਹ ਮੰਨਿਆ ਕਿ ਉਹ ਗੈਰ-ਕਾਨੂੰਨੀ ਤੌਰ ਤੇ ਅਫ਼ਗਾਨਿਸਤਾਨ ਤੋਂ ਤੋਰਖ਼ਮ ਰਾਹੀਂ ਪਾਕਿਸਤਾਨ ਦਾਖ਼ਲ ਹੋਇਆ ਸੀ।

ਇਹ ਖ਼ਬਰ ਉਦੋਂ ਆਈ ਹੈ ਜਦ ਭਾਰਤੀ ਨਾਗਰਿਕ ਸਰਬਜੀਤ ਦੇ ਕਤਲ ਦੇ ਮੁਲਜ਼ਮਾਂ ਨੂੰ ਪਾਕਿਸਤਾਨ ਅਦਾਲਤ ਨੇ ਬਰੀ ਕਰ ਦਿੱਤਾ ਸੀ। ਸਰਬਜੀਤ ਤਾਂ ਨਹੀਂ ਆ ਸਕਿਆ ਪਰ ਹਾਮਿਦ ਦੇ ਸਹੀ ਸਲਾਮਤ ਭਾਰਤ ਪਰਤਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਉਸ ਨੂੰ ਸਹੀ ਸਲਾਮਤ ਵਤਨ ਵਾਪਸ ਭਿਜਵਾ ਦਿੰਦੀ ਹੈ ਤਾਂ ਇਹ ਦੋਵਾਂ ਦੇਸ਼ਾਂ 'ਚ ਅਮਨ ਦਾ ਸੁਨੇਹਾ ਸਾਬਤ ਹੋਵੇਗਾ।