ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੌਰਾਨ ਬਲੈਕ ਫੰਗਸ ਦੀ ਇਨਫੈਕਸ਼ਨ ਦੇ ਕਈ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਦਿਖ ਰਹੇ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਜਾਣਕਾਰੀ ਦਿੱਤੀ ਕਿ ਸੂਬੇ ਦੇ ਕਈ ਹਿੱਸਿਆਂ ਤੋਂ ਹੁਣ ਤਕ ਬਲੈਕ ਫੰਗਸ ਦੇ ਕੁੱਲ 111 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਰੋਗੀਆਂ ਦਾ ਇਲਾਜ ਪ੍ਰੋਟੋਕੋਲ ਤਹਿਤ ਕੀਤਾ ਜਾ ਰਿਹਾ ਹੈ।
ਇਕ ਪ੍ਰੈਸ ਰਿਲੀਜ਼ ਦੇ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਮਾਮਲਿਆਂ 'ਚ 25 ਇਨਫੈਕਟਡ ਮਾਮਲੇ ਸਰਕਾਰੀ ਸਿਹਤ ਸੁਵਿਧਾਵਾਂ ਨਾਲ, ਜਦਕਿ ਬਾਕੀ 86 ਵੱਖ-ਵੱਖ ਹਸਪਤਾਲਾਂ ਦੇ ਸਾਹਮਣੇ ਆਏ ਹਨ। ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬਲੈਕ ਫੰਗਸ ਦੇ ਮਾਮਲੇ ਮੁੱਖ ਰੂਪ ਨਾਲ ਉਨ੍ਹਾਂ ਰੋਗੀਆਂ 'ਚ ਪਾਏ ਜਾਂਦੇ ਹਨ ਜੋ ਹਾਲ ਹੀ 'ਚ Covid-19 ਨਾਲ ਠੀਕ ਹੋਏ ਹਨ ਜਾਂ ਲੰਬੇ ਸਮੇਂ ਤਕ ਆਕਸੀਜਨ ਸਪੋਰਟ 'ਤੇ ਰਹੇ ਤੇ ਬੇਕਾਬੂ ਸ਼ੂਗਰ ਦੇ ਸ਼ਿਕਾਰ ਹਨ।
ਸਿੱਧੂ ਨੇ ਕਿਹਾ ਇਸ ਬਿਮਾਰੀ ਦੇ ਇਲਾਜ ਲਈ ਐਂਟੀਫੰਗਲ ਦਵਾਈਆਂ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਦਵਾਈਆਂ ਦੀ ਪੂਰਤੀ ਕੇਂਦਰ ਸਰਕਾਰ ਵੱਲੋਂ ਕੰਟਰੋਲ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਬਲੈਕ ਫੰਗਸ ਦੇ ਇਲਾਜ ਲਈ ਸੂਬਿਆਂ ਨੂੰ ਦੋ ਇੰਜੈਕਸ਼ਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਇਨ੍ਹਾਂ ਦਵਾਈਆਂ ਨੂੰ ਸਿੱਧਾ ਖੁੱਲ੍ਹੇ ਬਜ਼ਾਰ ਤੋਂ ਨਹੀਂ ਖਰੀਦ ਸਕਦਾ ਕਿਉਂਕਿ ਉਸ ਦੀ ਵੰਡ ਭਾਰਤ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਇਕ ਮਾਹਿਹਰ ਸਮੂਹ ਨੇ ਇਲਾਜ ਦੇ ਪ੍ਰੋਟੋਕੋਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਇਲਾਜ ਕਰਨ ਵਾਲੇ ਹਸਪਤਾਲਾਂ ਤੇ ਮੈਡੀਕਲ ਮਾਹਿਰਾਂ ਨੂੰ ਮਿਊਕੋਮਿਰਕੋਸਿਸ ਜਾਂ ਬਲੈਕ ਫੰਗਸ ਦੇ ਇਲਾਜ ਲਈ ਪ੍ਰੋਟੋਕੋਲ ਦੇ ਮੁਤਾਬਕ ਸਲਾਹ ਦੇਣ ਲਈ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, 'ਮਾਹਿਰ ਕਮੇਟੀ 'ਚ ਡਾ. ਆਰਪੀਐਸ ਸਿਬਿਆ, ਪ੍ਰੋਫੈਸਰ ਤੇ ਪ੍ਰਮੁੱਖ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੇ ਡਾ.ਸੰਜੀਵ ਭਗਤ ਪ੍ਰਮੁੱਖ, ਈਐਨਟੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਹੋਰ ਡਾਕਟਰ ਸ਼ਾਮਲ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਬਲੈਕ ਫੰਗਸ ਇਨਫੈਕਸ਼ਨ ਦੇ ਲੱਛਣਾ 'ਚ ਚਿਹਰੇ ਦਾ ਦਰਦ, ਦੰਦ ਦਰਦ, ਢਿੱਲੇ ਦੰਦ, ਦਰਦ ਜਾਂ ਅੱਖ ਦੀ ਸੋਜ, ਬੁਖਾਰ, ਸਾਹ ਦੀ ਤਕਲੀਫ, ਸਿਰਦਰਦ, ਧੁੰਦਲੀ ਦ੍ਰਿਸ਼ਟੀ ਜਿਹੇ ਲੱਛਣ ਸ਼ਾਮਲ ਹਨ। ਜੇਕਰ ਕਿਸੇ ਨੂੰ ਵੀ ਉਨ੍ਹਾਂ ਲੱਛਣਾ 'ਚੋਂ ਕਿਸੇ ਦੀ ਸ਼ਿਕਾਇਤ ਹੈ ਤਾਂ ਉਹ ਜਲਦ ਨਜ਼ਦੀਕੀ ਸਿਹਤ ਕੇਂਦਰ 'ਚ ਰਿਪੋਰਟ ਕਰੇ।