114 ਸਾਲਾ ਬਾਬੇ ਦਾ ਨੌਜਵਾਨਾਂ ਨੂੰ ਸੁਨੇਹਾ
ਏਬੀਪੀ ਸਾਂਝਾ | 15 Jan 2018 12:46 PM (IST)
ਤਰਨ ਤਾਰਨ: ਇਸ ਸਮੇਂ ਪੰਜਾਬ ਵਿੱਚ ਜਿੱਥੇ ਨਸ਼ਿਆਂ ਦਾ ਬੋਲਬਾਲਾ ਹੈ, ਉੱਥੇ 114 ਸਾਲਾ ਬਜ਼ੁਰਗ ਕਰਨੈਲ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਕੇ ਸਾਹਮਣੇ ਆਇਆ ਹੈ। ਕਰਨੈਲ ਸਿੰਘ ਮੁਤਾਬਕ ਨਸ਼ਾ ਰਹਿਤ ਖਾਣ-ਪੀਣ ਤੇ ਸਵੇਰ ਦੀ ਸੈਰ ਹੀ ਲੰਮੀ ਉਮਰ ਤੇ ਸਿਹਤਮੰਦ ਰਹਿਣ ਦੀ ਕੁੰਜੀ ਹੈ। ਜਿੱਥੇ ਕਰਨੈਲ ਸਿੰਘ ਦੇ ਹਾਣੀਆਂ ਦੀ ਯਾਰੀ ਬਿਮਾਰੀ ਜਾਂ ਬਿਰਧ ਹੋਣ ਕਾਰਨ ਮੰਜਿਆਂ ਨਾਲ ਹੁੰਦੀ ਹੈ, ਉੱਥੇ ਉਹ ਆਪਣੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਨੂੰ ਹੱਥੀਂ ਖਿਡਾ ਰਹੇ ਹਨ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਕੰਮਾਂ ਦੀ ਨਿਗਰਾਨੀ ਕਰਦੇ ਤੇ ਪੋਤੇ-ਪੜਪੋਤਿਆਂ ਨਾਲ ਬਾਤਾਂ ਪਾਉਂਦੇ ਵੇਖੇ ਜਾ ਸਕਦੇ ਹਨ। ਆਪਣੀ ਸਿਹਤ ਦਾ ਰਾਜ਼ ਉਹ ਪੌਸ਼ਟਿਕ ਖੁਰਾਕ ਤੇ ਸਵੇਰ ਦੀ ਸੈਰ ਨੂੰ ਦੱਸਦੇ ਹਨ। ਕਰਨੈਲ ਸਿੰਘ ਕਹਿੰਦੇ ਹਨ ਕਿ ਉਹ ਰੋਜ਼ ਸਵੇਰੇ 5 ਵਜੇ ਉੱਠਦੇ ਹਨ ਤੇ ਸੈਰ ਲਈ ਜਾਂਦੇ ਹਨ। ਇਸ ਤੋਂ ਬਾਅਦ ਉਹ ਲੋੜੀਂਦੀ ਖੁਰਾਕ ਖਾਂਦੇ ਹਨ। ਕਰਨੈਲ ਸਿੰਘ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਦੂਰ ਹਨ। ਉਹ ਚੰਗੇ ਤੇ ਲੰਮੇ ਜੀਵਨ ਲਈ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਐਬਾਂ ਤੋਂ ਦੂਰ ਰਹਿਣ ਦੀ ਹੀ ਸੇਧ ਦਿੰਦੇ ਹਨ।