ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਭਲਕੇ 21 ਨਵੰਬਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਏਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖ਼ਾਲਸਾਈ ਜਾਹੋ-ਜਲਾਲ ਨਾਲ ਜਥਾ ਰਵਾਨਾ ਕਰਨਗੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਜਥੇ ਵਿੱਚ 1,227 ਸ਼ਰਧਾਲੂ ਪਾਕਿਸਤਾਨ ਭੇਜੇ ਜਾ ਰਹੇ ਹਨ। ਇਸ ਸ਼ਰਧਾਲੂ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਜਥੇ ਦੀ ਰਵਾਨਗੀ ਸਵੇਰੇ 8:30 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਕੀਤੀ ਜਾਵੇਗੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇ ਦੇ ਆਗੂ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਨੂੰ ਭੇਜਿਆ ਜਾ ਰਿਹਾ ਹੈ।

21 ਨਵੰਬਰ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜੇਗਾ। ਇੱਥੋਂ 22 ਨਵੰਬਰ ਨੂੰ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਦੇ ਦਰਸ਼ਨ ਕਰਨ ਉਪਰੰਤ ਸ਼ਾਮ ਨੂੰ ਮੁੜ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਸੀ ਹੋਏਗੀ। 23 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਦਕਿ 24 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨਗੇ।

ਇਹ ਵੀ ਪੜ੍ਹੋ- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ

ਇਸ ਤੋਂ ਬਾਅਦ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰਨਗੇ। 30 ਨਵੰਬਰ ਨੂੰ ਜਥਾ ਭਾਰਤ ਵਾਪਸੀ ਕਰੇਗਾ। ਇਸੇ ਦੌਰਾਨ ਬੇਦੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਖੇ ਹੋਰ ਵੀ ਵਿਸ਼ੇਸ਼ ਜਥੇ ਭੇਜੇ ਜਾਣਗੇ। ਇਸ ਸਬੰਧੀ ਸਰਕਾਰਾਂ ਨਾਲ ਗੱਲਬਾਤ ਚੱਲ ਰਹੀ ਹੈ।