ਗਗਨਦੀਪ ਸ਼ਰਮਾ

ਅੰਮ੍ਰਿਤਸਰ: ਆਮ ਤੌਰ 'ਤੇ ਸੂਬੇ ਵਿੱਚ ਕੋਈ ਛੋਟਾ ਹਾਦਸਾ ਵੀ ਵਾਪਰੇ ਤਾਂ ਵਿਰੋਧੀ ਧਿਰ ਵਿੱਚ ਬੈਠੀਆਂ ਪਾਰਟੀਆਂ ਤੁਰੰਤ ਮੌਕੇ 'ਤੇ ਸਿਆਸਤ ਕਰਨ ਲਈ ਪੁੱਜ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਸਰਕਾਰ ਉੱਪਰ ਆਸਾਨੀ ਨਾਲ ਹਮਲਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜੇ ਦੋ ਦਿਨ ਪਹਿਲਾਂ ਨਿਰੰਕਾਰੀ ਡੇਰੇ ਉੱਪਰ ਹੋਏ ਹਮਲੇ ਵਿੱਚ ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਡੇਰੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੇ ਆਗੂ ਵੀ ਲਗਾਤਾਰ ਇਸ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਨ।

ਉਂਝ ਇਸ ਤੋਂ ਮਹੀਨਾ ਪਹਿਲਾਂ ਸੂਬੇ ਵਿੱਚ ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ 'ਤੇ ਜੰਮ ਕੇ ਰਾਜਨੀਤੀ ਕੀਤੀ ਤੇ ਨਵਜੋਤ ਸਿੱਧੂ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਨਿਰੰਕਾਰੀ ਡੇਰੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਭਾਵੇਂ ਅਕਾਲੀ ਦਲ ਦੇ ਵੱਡੇ ਆਗੂ ਲਗਾਤਾਰ ਇਸ ਹਮਲੇ ਦੀ ਨਿਖੇਧੀ ਕਰਕੇ ਸਰਕਾਰ ਨੂੰ ਘੇਰ ਰਹੇ ਹਨ ਪਰ ਮੌਕੇ 'ਤੇ ਨਾ ਤਾਂ ਕੋਈ ਅਕਾਲੀ ਦਲ ਦਾ ਆਗੂ ਪੁੱਜਾ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਦਾ।

ਦਰਅਸਲ ਪਹਿਲਾਂ ਵੀ ਸਿੱਖਾਂ ਤੇ ਨਿਰੰਕਾਰੀ ਮਿਸ਼ਨ ਵਿੱਚ ਕੁਝ ਤਣਾਅ ਰਿਹਾ ਹੈ। ਇਸ ਕਾਰਨ ਅਕਾਲੀ ਨੇ ਬੰਬ ਧਮਾਕੇ ਤੋਂ ਬਾਅਦ ਦੂਰੀ ਬਣਾਉਣਾ ਹੀ ਸਹੀ ਸਮਝਿਆ ਕਿਉਂਕਿ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਸਿੱਖ ਵੋਟ ਖਿਸਕਣ ਦਾ ਖਤਰਾ ਹੈ। ਬਰਗਾੜੀ ਮੋਰਚੇ ਤੋਂ ਬਾਅਦ ਤੇ ਬਹਿਬਲ ਕਲਾ ਕਾਂਡ ਤੋਂ ਬਾਅਦ ਅਕਾਲੀ ਦਲ ਤੋਂ ਸਿੱਖ ਵੋਟ ਲਗਾਤਾਰ ਦੂਰ ਜਾ ਰਹੀ ਹੈ। ਅਜਿਹੇ ਨਾਜ਼ੁਕ ਹਾਲਾਤ ਵਿੱਚ ਅਕਾਲੀ ਦਲ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਨਿਰੰਕਾਰੀ ਡੇਰੇ ਉੱਪਰ ਦੋ ਮੋਟਰਸਾਈਕਲ ਸਵਾਰਾਂ ਨੇ ਗ੍ਰਨੇਡ ਸੁੱਟਿਆ ਸੀ ਜਿਸ ਨਾਲ ਡੇਰੇ ਅੰਦਰ ਮੌਜ਼ੂਦ ਤਿੰਨ ਪੈਰੋਕਾਰਾਂ ਦੀ ਮੌਤ ਹੋ ਗਈ ਤੇ ਦੋ ਦਰਜਨ ਦੇ ਕਰੀਬ ਪੈਰੋਕਾਰ ਜ਼ਖ਼ਮੀ ਹੋ ਗਏ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ।