ਫਾਜ਼ਿਲਕਾ: ਝੁੱਗੀ ਵਿੱਚ ਰਹਿਣ ਵਾਲਾ ਢੋਲੀ ਪਰਿਵਾਰ ਐਤਵਾਰ ਨੂੰ ਆਪਣੇ ਮੁੰਡੇ ਦੀ ਬਾਰਾਤ ਵਿੱਚ 3 ਕਰੋੜ ਦੀ 30 ਫੁੱਟ ਲੰਮੀ ਲਿਮੋਜ਼ਿਨ ਲੈ ਕੇ ਪੁੱਜਾ। ਜਦੋਂ ਬਾਰਾਤ ਫਾਜ਼ਿਲਕਾ ਤੋਂ ਜਲਾਲਾਬਾਦ ਪੁੱਜਾ ਤਾਂ ਕਾਰ ਦੇਖਣ ਲਈ ਆਸ-ਪਾਸ ਲੋਕਾਂ ਦੀ ਭੀੜ ਲੱਗ ਗਈ। ਲੋਕ ਸੈਲਫੀਆਂ ਲੈਣ ਲੱਗ ਗਏ। ਦੁਲਹਨ ਲਈ ਵੀ ਇਹ ਅਨੋਖਾ ਸਰਪ੍ਰਾਈਜ਼ ਸੀ। ਦੱਸਿਆ ਜਾਂਦਾ ਹੈ ਕਿ ਇਸ ਲਿਮੋਜ਼ਿਨ ਲਈ ਪਰਿਵਾਰ ਨੇ 30 ਕਿਲੋਮੀਟਰ ਪਿੱਛੇ 55 ਹਜ਼ਾਰ ਰੁਪਏ ਕਿਰਾਇਆ ਦਿੱਤਾ।

ਫਾਜ਼ਿਲਕਾ ਦੀ ਕਬਾਦਲ ਕਲੋਨੀ ਵਿੱਚ ਗੋਬਿੰਦ ਰਾਮ ਲਾਇਬ੍ਰੇਰੀ ਨੇੜੇ ਝੁੱਗੀ ਵਿੱਚ ਰਹਿਣ ਵਾਲੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਵਿਆਹ-ਸ਼ਾਦੀਆਂ ਤੇ ਖੁਸ਼ੀਆਂ ਦੇ ਮੌਕਿਆਂ ’ਤੇ ਢੋਲ ਵਜਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਕਿਸੇ ਵਿਆਹ ਵਿੱਚ ਲਿਮੋਜ਼ਿਨ ਵੇਖੀ ਸੀ ਜੋ ਉਨ੍ਹਾਂ ਨੂੰ ਕਾਫੀ ਪਸੰਦ ਆਈ। ਉਸੇ ਦਿਨ ਉਨ੍ਹਾਂ ਇਰਾਦਾ ਬਣਾ ਲਿਆ ਕਿ ਉਹ ਆਪਣੇ ਮੁੰਡੇ ਦੀ ਬਾਰਾਤ ਵਿੱਚ ਲਿਮੋਜ਼ਿਨ ਹੀ ਲੈ ਕੇ ਜਾਣਗੇ। ਪ੍ਰਦੀਪ ਕੁਮਾਰ ਮੁਤਾਬਕ ਪੁੱਤਰ ਦੀਪਕ ਦਾ ਰਿਸ਼ਤਾ ਜਲਾਲਾਬਾਦ ਤੈਅ ਹੋਣ ਬਾਅਦ ਹੀ ਉਸ ਨੇ ਬੀਕਾਨੇਰ ਤੋਂ ਲਿਮੋਜ਼ਿਨ ਬੁੱਕ ਕਰ ਲਈ ਸੀ। ਇਸ ਲਈ ਉਸ ਨੇ 55 ਹਜ਼ਾਰ ਰੁਪਏ ਕਿਰਾਇਆ ਅਦਾ ਕੀਤਾ।

ਇਸ ਸਬੰਧੀ ਲਾੜੇ ਦੀਪਕ ਨੇ ਕਿਹਾ ਕਿ ਜਿਵੇਂ ਹੀ ਕਾਰ ਵਿਆਹ ਵਾਲੀ ਥਾਂ ਪੁੱਜੀ, ਕਾਰ ਵੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਕੁੜੀ ਵਾਲਿਆਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਜਦੋਂ ਉਸ ਦੀ ਦੁਲਹਨ ਨੇ ਕਾਰ ਵੇਖੀ ਤਾਂ ਉਸ ਦੀ ਖ਼ੁਸ਼ੀ ਵੇਖਦਿਆਂ ਹੀ ਬਣਦੀ ਸੀ। ਉਸ ਲਈ ਵੀ ਇਹ ਅਨੋਖਾ ਸਰਪ੍ਰਾਈਸ ਸੀ। ਇਸ ਕਾਰ ਵਿੱਚ 8 ਜਣੇ ਸਵਾਰ ਹੋ ਗਏ ਸਨ।