ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਕੱਲ੍ਹ ਹੋਏ ਅੰਮ੍ਰਿਤਸਰ ਗ੍ਰਨੇਡ ਧਮਾਕੇ ਵਿੱਚ ਪਾਕਿਸਤਾਨ ਦੇ ਹੱਥ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਕੈਪਟਨ ਨੇ ਕਿਹਾ ਕਿ ਹਮਲਾਵਰਾਂ ਵੱਲੋਂ ਵਰਤਿਆ ਗਿਆ ਹੱਥਗੋਲਾ ਪਾਕਿਸਤਾਨ ਦੇ ਅਸਲੇ ਨਾਲ ਮੇਲ ਖਾਂਦਾ ਹੈ। ਐਤਵਾਰ ਨੂੰ ਦੁਪਹਿਰ ਸਮੇਂ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ 'ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗ੍ਰਨੇਡ ਧਮਾਕਾ ਕਰ ਦਿੱਤਾ ਸੀ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਤੇ 21 ਜ਼ਖ਼ਮੀ ਹੋ ਗਏ ਸਨ।

ਸਬੰਧਤ ਖ਼ਬਰ- ਅੰਮ੍ਰਿਤਸਰ ਗ੍ਰਨੇਡ ਹਮਲਾ: ਕੈਪਟਨ ਨੇ ਪੀੜਤਾਂ ਦਾ ਪੁੱਛਿਆ ਹਾਲ, ਵੇਖੋ ਤਸਵੀਰਾਂ

ਕੈਪਟਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਪਾਕਿਸਤਾਨੀ ਅਸਲਾ ਫੈਕਟੀ ਵਿੱਚ ਬਣਨ ਵਾਲੇ ਹੈਂਡ ਗ੍ਰਨੇਡ HG -84 ਵਰਗਾ ਜਾਪਦਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਰਾਜਾਸਾਂਸੀ ਨਿਰੰਕਾਰੀ ਭਵਨ ਵਿੱਚ ਹੋਇਆ ਹਮਲਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਤੇ ਖ਼ਾਲਿਸਤਾਨੀ ਕੱਟੜਪੰਥੀਆਂ ਦੀ ਸਾਜ਼ਿਸ਼ ਹੋ ਸਕਦੀ ਹੈ।


ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅੰਮ੍ਰਿਤਸਰ ਦੇ ਹਲਕੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਬਣੇ ਹੋਏ ਨਿਰੰਕਾਰੀ ਭਵਨ ਦਾ ਦੌਰਾ ਕੀਤਾ ਸੀ। ਇਸ ਦੌਰਾਨ ਕੈਪਟਨ ਨੇ ਧਮਾਕੇ ਲਈ ਵਰਤੇ ਗਏ ਹੱਥਗੋਲੇ ਦੇ ਟੁਕੜਿਆਂ ਨੂੰ ਵੀ ਗਹੁ ਨਾਲ ਵਾਚਿਆ ਸੀ। ਕੈਪਟਨ ਨੇ ਆਪਣੇ ਦੌਰੇ ਤੋਂ ਬਾਅਦ ਇਸ ਘਟਨਾ ਵਿੱਚ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ।