ਅੰਮ੍ਰਿਤਸਰ: ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਬਾਅਦ ਸੋਮਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਵਾਗਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਾਰਪਿਟ ਵਿਛਾ ਦਿੱਤਾ। ਬਾਅਦ ਵਿੱਚ ਗ਼ਲਤੀ ਦਾ ਅਹਿਸਾਸ ਹੋਣ ’ਤੇ ਤੁਰੰਤ ਇਸ ਨੂੰ ਹਰੇ ਕਾਰਪਿਟ ਨਾਲ ਬਦਲ ਦਿੱਤਾ ਗਿਆ। ਮੁੱਖ ਮੰਤਰੀ ਕੱਲ੍ਹ ਦੁਪਹਿਰ ਕਰੀਬ ਸਵਾ ਦੋ ਵਜੇ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਪੁੱਜੇ ਸਨ।


ਦਰਅਸਲ ਮੁੱਖ ਮੰਤਰੀ ਦੇ ਸੰਬੋਧਨ ਲਈ ਇੱਥੇ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਸੀ। ਪਰ ਡੀਪੀਆਰਓ ਦਫ਼ਤਰ ਨੇ ਭਵਨ ਦੇ ਠੀਕ ਸਾਹਮਣੇ ਖ਼ਾਲੀ ਪਏ ਮੈਦਾਨ ਵਿੱਚ ਟੈਂਟ ਲਗਵਾਇਆ ਤੇ ਮੁੱਖ ਮੰਤਰੀ ਲਈ ਰੈਡ ਕਾਰਪਿਟ ਵਿਛਾ ਦਿੱਤਾ। ਇਸ ਮੌਕੇ ਕਰਸੀਆਂ-ਮੇਜ਼ ਵੀ ਲਾਏ ਗਏ। ਦੱਸਣਯੋਗ ਹੈ ਕਿ ਰੈਡ ਕਾਰਪਿਟ ਦਾ ਇਸਤੇਮਾਲ ਕਿਸੇ ਖ਼ਾਸ ਸਮਾਗਮ ਜਾਂ ਖ਼ੁਸ਼ੀ ਦੇ ਮੌਕਿਆਂ ’ਤੇ ਮਹਿਮਾਨਾਂ ਦੇ ਸਵਾਗਤ ਲਈ ਕੀਤਾ ਜਾਂਦਾ ਹੈ।

ਇਸ ਤੋਂ ਪਹਿਲਾਂ 12 ਵਜੇ ਮੌਕੇ ’ਤੇ ਪੁੱਜੇ ਮੀਡੀਆ ਵਾਲਿਆਂ ਜਦੋਂ ਇਸ ਕਾਰਪਿਟ ’ਤੇ ਸਵਾਲ ਚੁੱਕੇ ਤਾਂ ਪ੍ਰਸ਼ਾਸਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਇਸ ਦੇ ਤੁਰੰਤ ਬਾਅਦ ਡੀਪੀਆਰਓ ਸ਼ੇਰਜੰਗ ਹੁੰਦਲ ਨੇ ਉੱਥੋਂ ਰੈਡ ਕਾਰਪਿਟ ਦੀ ਥਾਂ ਹਰਾ ਕਾਰਪਿਟ ਵਿਛਾਉਣ ਦੇ ਨਿਰਦੇਸ਼ ਦਿੱਤੇ। ਇਸ ਪਿੱਛੋਂ ਮੁੱਖ ਮੰਤਰੀ ਦੀ ਕਾਨਫਰੰਸ ਦੀ ਥਾਂ ਵੀ ਬਦਲ ਦਿੱਤੀ ਗਈ। ਮੁੱਖ ਮੰਤਰੀ ਨੇ ਨਿਰੰਕਾਰੀ ਭਵਨ ਦੀ ਥਾਂ ਗੁਰੂ ਨਾਨਕ ਹਸਪਤਾਲ ਵਿੱਚ ਸੰਬੋਧਨ ਕੀਤਾ।