ਚੰਡੀਗੜ੍ਹ: ਫਿਲਮ ਸਟਾਰ ਅਕਸ਼ੇ ਕੁਮਾਰ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਪੇਸ਼ ਹੋਣਗੇ। ਉਹ 21 ਨਵੰਬਰ ਨੂੰ ਚੰਡੀਗੜ੍ਹ ਵਿੱਚ ਸਿੱਟ ਦੇ ਸਵਾਲਾਂ ਦੇ ਜਵਾਬ ਦੇਣਗੇ। ਸਿੱਟ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਕਸ਼ੇ ਕੁਮਾਰ ਨੂੰ ਸੰਮਨ ਭੇਜੇ ਸੀ।


ਅਕਸ਼ੇ ਨੇ ਸਿੱਟ ਨੂੰ ਈਮੇਲ ਕਰਕੇ ਇਸ ਦੀ ਸੂਚਨਾ ਦਿੱਤੀ ਹੈ ਕਿ ਉਹ ਜਾਂਚ ਵਿੱਚ ਸ਼ਾਮਲ ਹੋਣਗੇ। ਅਕਸ਼ੇ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਫਿਲਮ ਪੰਜਾਬ ਵਿੱਚ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਡੀਲ ਕਰਵਾਈ ਸੀ। ਇਸ ਡੀਲ ਕਰਕੇ ਹੀ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਡੇਰਾ ਸ਼ਰਧਾਲੂਆਂ ਨਾਲ ਨਰਮੀ ਵਰਤੀ ਸੀ।

ਉਂਝ 19 ਨਵੰਬਰ ਨੂੰ ਸਿੱਟ ਸਾਹਮਣੇ ਸੁਖਬੀਰ ਬਾਦਲ ਅਕਸ਼ੇ ਨਾਲ ਕਿਸੇ ਵੀ ਅਜਿਹੀ ਮੀਟਿੰਗ ਤੋਂ ਇਨਕਾਰ ਕਰ ਚੁੱਕੇ ਹਨ। ਅਕਸ਼ੇ ਨੇ ਵੀ ਕਿਹਾ ਹੈ ਕਿ ਉਹ ਕਦੇ ਰਾਮ ਰਹੀਮ ਨੂੰ ਮਿਲੇ ਹੀ ਨਹੀਂ। ਇਸ ਮਾਮਲੇ ਵਿੱਚ ਹੀ ਸਿੱਟ ਅਕਸ਼ੇ ਤੋਂ ਸਵਾਲ ਪੁੱਛੇਗੀ।