ਚੰਡੀਗੜ੍ਹ: ਪੰਜਾਬ ਪੁਲਿਸ ਨੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਉਸ ਦੇ 15 ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦਾ ਵੱਡਾ ਨੈੱਟਵਰਕ ਸੀ। ਇਨ੍ਹਾਂ ਕੋਲੋਂ ਇੱਕ ਕਾਰਬਾਈਨ ਤੇ ਬੁਲੇਟਬਰੂਫ ਜੈਕੇਟ ਸਮੇਤ ਛੇ ਹਥਿਆਰ, 3 ਕਿਲੋ ਅਫ਼ੀਮ, ਸੱਤ ਵਾਹਨ, ਗੋਲੀ ਸਿੱਕਾ ਤੇ 13.80 ਲੱਖ ਰੁਪਏ ਦੀ ਨਗ਼ਦੀ ਤੇ 1700 ਅਮਰੀਕੀ ਡਾਲਰ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ ਬੁੱਢਾ ਨੂੰ 23 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਗੈਂਗਸਟਰ ਨੂੰ ਅਰਮੀਨੀਆ ਤੋਂ ਭਾਰਤ ਭੇਜਿਆ ਗਿਆ ਸੀ।


ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਇਨ੍ਹਾਂ 15 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਕਤਲ, ਜਬਰੀ ਵਸੂਲੀ, ਕਾਰ ਚੋਰੀ ਤੇ ਲੁੱਟ-ਖੋਹ ਦੇ ਕਰੀਬ ਦਸ ਕੇਸਾਂ ਵਿੱਚ ਸਾਜ਼ਿਸ਼ਘਾੜਿਆਂ ਦੀ ਸ਼ਨਾਖ਼ਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੁੱਢਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਖੁਲਾਸਿਆਂ ਮਗਰੋਂ ਬੁੱਢਾ ਸਮੇਤ ਹੋਰਨਾਂ ਖਿਲਾਫ਼ ਚਾਰ ਨਵੇਂ ਕੇਸ ਦਰਜ ਕੀਤੇ ਗਏ ਹਨ।

ਗੁਪਤਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਅਪਰਾਧੀਆਂ ’ਚ ਸੇਵਾ ਮੁਕਤ ਡਿਪਟੀ ਪਾਸਪੋਰਟ ਅਧਿਕਾਰੀ ਵੀ ਸ਼ਾਮਲ ਹੈ, ਜੋ 2007-08 ਵਿੱਚ ਚੰਡੀਗੜ੍ਹ ’ਚ ਤਾਇਨਾਤ ਸੀ। ਇਸ ਅਧਿਕਾਰੀ ਨੇ ਫ਼ਰਜ਼ੀ ਨਾਂ ਤੇ ਪਤੇ ਵਾਲੇ ਭਾਰਤੀ ਪਾਸਪੋਰਟ ਬਣਾਉਣ ਲਈ ਇੱਕ ਵਿਅਕਤੀ ਤੋਂ 50 ਹਜ਼ਾਰ ਰੁਪਏ ਲਏ ਸਨ।

ਡੀਜੀਪੀ ਨੇ ਕਿਹਾ ਕਿ ਅਰਮੀਨੀਆ ’ਚ ਬੁੱਢਾ ਨੂੰ ਹਿਰਾਸਤ ’ਚ ਲੈਣ ਮੌਕੇ ਉਹ ਅਮਰੀਕਾ ’ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ’ਚ ਸੀ। ਗੁਪਤਾ ਨੇ ਕਿਹਾ ਕਿ ਬੁੱਢਾ ਵੱਲੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਉਸ ਤੇ ਉਸ ਦੇ ਸਾਥੀਆਂ ਕੋਲੋਂ ਇੱਕ ਕਾਰਬਾਈਨ ਤੇ ਬੁਲੇਟਬਰੂਫ ਜੈਕੇਟ ਸਮੇਤ ਛੇ ਹਥਿਆਰ, 3 ਕਿਲੋ ਅਫ਼ੀਮ, ਸੱਤ ਵਾਹਨ, ਗੋਲੀ ਸਿੱਕਾ ਤੇ 13.80 ਲੱਖ ਰੁਪਏ ਦੀ ਨਗ਼ਦੀ ਤੇ 1700 ਅਮਰੀਕੀ ਡਾਲਰ ਬਰਾਮਦ ਹੋਏ ਹਨ।