ਬਠਿੰਡਾ: ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਭਾਰੀ ਮੀਂਹ ਦੇ ਚੱਲਦਿਆਂ ਤਿਆਰ ਬਰ ਤਿਆਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਸੀ। ਇਸ ਦੇ ਮੱਦੇਨਜ਼ਰ ਬਠਿੰਡਾ ਐਨਡੀਆਰਐਫ ਟੀਮ ਵੱਲੋਂ ਕਮਰਕੱਸ ਲਈ ਗਈ ਹੈ।


ਬਠਿੰਡਾ ਐਨਡੀਆਰਐਫ ਦੇ ਮੁਖੀ ਰਵੀ ਕੁਮਾਰ ਪੰਡਿਤਾਂ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 15 ਟੀਮ ਤਿਆਰ ਕੀਤੀਆਂ ਗਈਆਂ ਸੀ। ਇਨ੍ਹਾਂ ਵਿੱਚੋਂ 11 ਟੀਮਾਂ ਤਾਇਨਾਤ ਹੋ ਗਈਆਂ ਹਨ ਤੇ ਹਾਲੇ ਵੀ 4 ਟੀਮਾਂ ਬਾਕੀ ਹਨ। ਬਠਿੰਡਾ ਦੀ ਐਨਡੀਆਰਐਫ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟੀਮਾਂ ਭੇਜੀਆਂ ਗਈਆਂ ਹਨ। ਅੱਜ ਫਿਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਹੜ੍ਹ ਦੇ ਹਾਲਾਤ ਨਾਲ ਨਜਿੱਠਣ ਲਈ ਟੀਮ ਰਵਾਨਾ ਕੀਤੀ ਗਈ ਹੈ।


ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਦੇ ਮਨਾਂ ਵਿੱਚ ਡਰ ਨਹੀਂ ਹੋਣਾ ਚਾਹੀਦਾ। ਐਨਡੀਆਰਐਫ ਟੀਮ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਟੀਮਾਂ ਨੂੰ ਰੋਪੜ, ਜਲੰਧਰ, ਨਕੋਦਰ, ਲੁਧਿਆਣਾ ਤੇ ਹੋਰ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ 450 ਆਮ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ।