ਕੈਪਟਨ ਨੇ ਬਿਨਾਂ ਕੰਮ ਤੋਂ ਹੀ ਘੜੀਆਂ 150 ਡੀਐਸਪੀ ਦੀਆਂ ਆਸਾਮੀਆਂ
ਏਬੀਪੀ ਸਾਂਝਾ | 11 Mar 2019 02:00 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲੱਗ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਵਿੱਚ 150 ਨਵੇਂ ਉਪ-ਪੁਲਿਸ ਕਪਤਾਨਾਂ ਲਈ ਅਸਾਮੀਆਂ ਤਿਆਰ ਕੀਤੀਆਂ ਗਈਆਂ ਹਨ। ਹਫੜਾ-ਦਫੜੀ ਵਿੱਚ ਪੁਲਿਸ ਵਿਭਾਗ ਵਿੱਚੋਂ ਹੀ ਪਦ ਉੱਨਤ ਕਰਕੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਡੀਐਸਪੀ ਵਾਲੀ ਫੀਤੀ ਲਾ ਦਿੱਤੀ ਗਈ ਹੈ। ਦਰਅਸਲ, ਸ਼ਨੀਚਰਵਾਰ ਨੂੰ ‘ਡਮੀ ਆਸਾਮੀਆਂ’ ਬਣਾਈਆਂ ਗਈਆਂ ਹਨ, ਜਿਨ੍ਹਾਂ 'ਤੇ ਪਦਉੱਨਤ ਹੋਏ ਡੀਐਸਪੀ ਪੱਧਰ ਦੇ ਇਨ੍ਹਾਂ 150 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਨਵੀਆਂ ਥਾਵਾਂ ’ਤੇ ਜੁਆਇਨ ਕਰਨ ਲਈ ਕਿਹਾ ਗਿਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਰਾਜ ਪੁਲਿਸ ਵੱਲੋਂ ਜਿਨ੍ਹਾਂ ਆਸਾਮੀਆਂ ’ਤੇ ਇਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਇੱਥੇ ਕੀ ਕੰਮਕਾਜ ਦੇਖਣਾ ਹੈ। ਨਵੇਂ ਅਫਸਰਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਉਨ੍ਹਾਂ ਕੋਲ ਕੋਈ ਦਫ਼ਤਰ ਤੇ ਸਟਾਫ ਵੀ ਮੌਜੂਦ ਨਹੀਂ ਹੈ। ਇੰਸਪੈਕਟਰ ਜਨਰਲ (ਹੈੱਡਕੁਆਟਰਸ) ਜਤਿੰਦਰ ਸਿੰਘ ਔਲਖ ਨੇ ਇਨ੍ਹਾਂ ਨਵੀਆਂ ਅਸਾਮੀਆਂ ਨੂੰ ਜਾਇਜ਼ ਠਹਿਰਾਉਂਦਿਆਂ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੇ ਬਿਊਰੋ ਆਫ ਇਨਵੈਸਟੀਗੇਸ਼ਨ ਤਹਿਤ ਇਨ੍ਹਾਂ ਅਸਾਮੀਆਂ ਨੂੰ ਬਣਾਇਆ ਗਿਆ ਹੈ। ਉਨ੍ਹਾਂ ਮੁਤਾਬਕ ਸਬੰਧਤ ਸੀਨੀਅਰ ਪੁਲਿਸ ਕਪਤਾਨ ਆਪਣੇ ਇਨ੍ਹਾਂ ਜੂਨੀਅਰਾਂ ਨੂੰ ਕੰਮ ਤੇ ਲੋੜੀਂਦੀ ਟੀਮ ਤੇ ਸਾਧਨ ਮੁਹੱਈਆ ਕਰਵਾਉਣਗੇ।