ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਨੇ ਹੁਣ ਹੋਲੇ-ਮਹੱਲੇ ਦਾ ਪੁਆੜਾ ਪਾ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਖੋ-ਵੱਖ ਹੋਲੇ-ਮਹੱਲੇ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸੰਗਤਾਂ ਵਿੱਚ ਵੀ ਭੰਬਲਭੁਸੇ ਵਾਲੀ ਹਾਲਤ ਬਣ ਗਈ ਹੈ।


ਦਰਅਸਲ ਸ਼੍ਰੋਮਣੀ ਕਮੇਟੀ ਇਸ ਵਾਰ ਵੀ ਸਮੁੱਚੀ ਸਿੱਖ ਕੌਮ ਨੂੰ ਇੱਕਮੱਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਲਈ ਹੁਣ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਖੋ ਵੱਖਰਾ ਮੁਹੱਲਾ ਸਜਾਉਣਗੇ। ਸ਼੍ਰੋਮਣੀ ਕਮੇਟੀ ਅਨੁਸਾਰ 15 ਮਾਰਚ ਦੀ ਅੱਧੀ ਰਾਤ ਨੂੰ ਹੋਲਾ ਮਹੱਲਾ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਤੋਂ ਨਗਾਰੇ ਵਜਾ ਕੇ ਸ਼ੁਰੂ ਕੀਤਾ ਜਾਵੇਗਾ ਜੋ 16, 17 ਤੇ 18 ਮਾਰਚ ਨੂੰ ਕੀਰਤਪੁਰ ਸਾਹਿਬ ਵਿਖੇ ਤੇ 19, 20 ਅਤੇ 21 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ।

ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ 21 ਮਾਰਚ ਨੂੰ ਮਹੱਲਾ ਕੱਢੇਗੀ ਜਦਕਿ ਨਿਹੰਗ ਸਿੰਘ ਫੌਜਾਂ ਪੁਰਾਤਨ ਰਵਾਇਤ ਅਨੁਸਾਰ 22 ਮਾਰਚ ਨੂੰ ਮਹੱਲਾ ਕੱਢਣਗੀਆਂ। ਇਸ ਤੋਂ ਪਹਿਲਾਂ ਵੀ ਸਾਲ 2009 ਵਿੱਚ ਸ਼੍ਰੋਮਣੀ ਕਮੇਟੀ ਨੇ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦਕਿ ਨਿਹੰਗ ਸਿੰਘਾਂ ਵੱਲੋਂ ਵੱਖਰੇ ਤੌਰ ’ਤੇ ਆਪਣਾ ਮਹੱਲਾ 12 ਮਾਰਚ ਨੂੰ ਕੱਢਿਆ ਗਿਆ ਸੀ।

ਇਸ ਬਾਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕੋਈ ਦਿਨ ਜਾਂ ਤਾਰੀਖ ਦਾ ਫਰਕ ਆਇਆ ਹੈ ਤਾਂ ਉਸ ਤਰੁੱਟੀ ਨੂੰ ਭਵਿੱਖ ਵਿੱਚ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ। ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਮਹੱਲਾ 21 ਮਾਰਚ ਦਾ ਹੈ ਪਰ ਨਿਹੰਗ ਸਿੰਘ 22 ਮਾਰਚ ਨੂੰ ਮਹੱਲਾ ਕੱਢਣਾ ਚਾਹੁੰਦੇ ਹਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇ ਕਿਤੇ ਕੋਈ ਫਰਕ ਆਇਆ ਹੈ ਤਾਂ ਉਸ ਨੂੰ ਸੰਵਾਦ ਨਾਲ ਹੱਲ ਕਰ ਲਿਆ ਜਾਵੇਗਾ।

ਉਧਰ, ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਚਲਦੀ ਆ ਰਹੀ ਰਵਾਇਤ ਅਨੁਸਾਰ ਪੂਰਨਮਾਸ਼ੀ ਤੋਂ ਅਗਲੇ ਦਿਨ ਹੀ ਮਹੱਲਾ ਕੱਢਿਆ ਜਾਂਦਾ ਹੈ। ਉਸ ਅਨੁਸਾਰ ਮਹੱਲੇ ਦੀ ਤਰੀਕ 22 ਮਾਰਚ ਬਣਦੀ ਹੈ। ਇਸ ਸਬੰਧੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਚਰਚਾ ਕਰਨ ਉਪਰੰਤ ਜਥੇਦਾਰ ਕੇਸਗੜ੍ਹ ਸਾਹਿਬ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।