ਬਠਿੰਡਾ: ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ 16 ਹੋਰ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਅਧਿਆਪਕ ਯੂਨੀਅਨ ਦੇ ਆਗੂ ਹਨ। ‘ਸਾਂਝਾ ਅਧਿਆਪਕ ਮੋਰਚਾ, ਪੰਜਾਬ’ ਦੇ ਬੈਨਰ ਹੇਠ, ਅਧਿਆਪਕਾਂ ਨੇ ਰੋਸ ਮਾਰਚ ਕੀਤਾ ਤੇ ਡੀਸੀ ਦੀ ਰਿਹਾਇਸ਼  ਸਾਹਮਣੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਯਾਦ ਰਹੇ ਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ 8 ਅਧਿਆਪਕਾਂ (ਛੇ SSA/RMSA ਤੋਂ ਤੇ ਦੋ ਡੈਮੋਕਰੇਟਿਕ ਅਧਿਆਪਕਾਂ ਦੇ ਫਰੰਟ ਤੋਂ) ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਹੁਣ ਸ਼ੁੱਕਰਵਾਰ ਨੂੰ 16 ਹੋਰ ਅਧਿਆਪਕਾਂ ਦੇ ਤਬਾਦਲੇ ਦੇ ਆਦੇਸ਼ਾਂ ਨਾਲ, ਜ਼ਿਲ੍ਹੇ ਤੋਂ ਜਾਣ ਵਾਲੇ ਕੁੱਲ ਅਧਿਆਪਕਾਂ ਦੀ ਗਿਣਤੀ 24 ਤਕ ਪਹੁੰਚ ਗਈ ਹੈ।

ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਬਲਾਕ ਪ੍ਰਧਾਨ ਨਵਚਰਨਪ੍ਰੀਤ ਕੌਰ ਨੇ ਕਿਹਾ ਕਿ ਇਹ ਅਧਿਆਪਕਾਂ ਦੇ ਸੰਘਰਸ਼ ਨੂੰ ਭੰਗ ਕਰਨ ਲਈ ਸੂਬਾ ਸਰਕਾਰ ਦੀ ਯੋਜਨਾਬੱਧ ਰਣਨੀਤੀ ਹੈ, ਜਿਸ ਨੇ ਹੁਣ ਰਫਤਾਰ ਫੜ ਲਈ ਹੈ, ਕਿਉਂਕਿ ਤਬਾਦਲੇ ਕੀਤੇ ਜਾਣ ਵਾਲੇ ਜ਼ਿਆਦਾਤਰ ਅਧਿਆਪਕ ਵੱਖ-ਵੱਖ ਅਧਿਆਪਕ ਯੂਨੀਅਨਾਂ ਦੇ ਪ੍ਰਤੀਨਿਧ ਹਨ। ਤਬਾਦਲੇ ਕੀਤੇ ਗਏ ਅਧਿਆਪਕ ਜੂਨੀਅਰ ਜਾਂ ਸੂਬਾ ਪੱਧਰ ’ਤੇ ਹੋਰ ਅਧਿਆਪਕਾਂ ਤਕ ਪਹੁੰਚ ਕਰਕੇ ਮੀਟਿੰਗਾਂ ਕਰ ਰਹੇ ਸਨ ਤੇ ਰੋਸ ਪ੍ਰਦਰਸ਼ਨ ਦੀ ਮਜ਼ਬੂਤ ਪ੍ਰਤੀਨਿਧਤਾ ਕਰ ਰਹੇ ਸਨ।

ਡੀਟੀਐਫ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਤਰਕਸ਼ੀਲ ਆਧਾਰ 'ਤੇ ਤਬਾਦਲਾ ਕਰ ਰਹੀ ਹੈ, ਪਰ ਉਹ ਸਰਕਾਰ ਅੱਗੇ ਨਹੀਂ ਝੁਕਣਗੇ ਤੇ ਆਪਣਾ ਸੰਘਰਸ਼ ਜਾਰੀ ਰੱਖਾਣਗੇ। ਇਸਸ ਦੌਰਾਨ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਡੀਸੀ ਨੇ ਅਧਿਆਪਕਾਂ ਨੂੰ ਭਰੋਸਾ ਜਤਾਇਆ ਹੈ ਕਿ ਉਹ ਉਨ੍ਹਾਂ ਦੇ ਮੁੱਦੇ ਸਿੱਖਿਆ ਵਿਭਾਗ ਤਕ ਲੈ ਕੇ ਜਾਣਗੇ।