ਗੁਰਦਾਸਪੁਰ: ਟਕਸਾਲੀ ਅਕਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੈਂਬਰਸ਼ਿਪ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੇਖਵਾਂ ਦੇ ਅਸਤੀਫ਼ੇ ਨਾਲ ਹੁਣ ਅਕਾਲੀ ਦਲ ਵਿੱਚ ਵੱਡਾ ਪਾੜਾ ਪੈ ਗਿਆ ਹੈ। ਸੇਖਵਾਂ ਨੇ ਆਪਣਾ ਅਸਤੀਫ਼ਾ ਅਕਾਲੀ ਦਲ ਦੇ ਪ੍ਰਧਾਨ ਨੂੰ ਭੇਜ ਦਿੱਤਾ ਹੈ। ਅਸਤੀਫ਼ੇ ਵਿੱਚ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਉੱਪਰ ਨਿਸ਼ਾਨੇ ਲਾਏ ਗਏ ਹਨ। ਸੇਖਵਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਉਹ ਸ਼ਾਇਦ ਹੀ ਕਿਸੇ ਅਕਾਲੀ ਲੀਡਰ ਨੇ ਆਪਣੀ ਪਾਰਟੀ ਦੇ ਪ੍ਰਧਾਨ ਲਈ ਵਰਤੀ ਹੋਵੇ।

ਹਾਲਾਂਕਿ, ਮਾਝੇ ਦੇ ਲੀਡਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਅਸੰਤੁਸ਼ਟ ਹਨ। ਉਨ੍ਹਾਂ ਮੀਡੀਆ ਵਿੱਚ ਆ ਕੇ ਦਬਾਅ ਵੀ ਬਣਾਇਆ ਪਰ ਗੱਲ ਨਾ ਬਣਦੀ ਵੇਖ ਅਸਤੀਫ਼ਿਆਂ ਦੀ ਕਵਾਇਦ ਸ਼ੁਰੂ ਕਰ ਦਿੱਤੀ। ਜਿੱਥੇ ਬਾਕੀਆਂ ਨੇ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਪਾਰਟੀ ਦੀਆਂ ਅਹੁਦੇਦਾਰੀਆਂ ਤਿਆਗੀਆਂ ਪਰ ਸੇਖਵਾਂ ਦੇ ਮਾਮਲੇ ਵਿੱਚ ਇਹੋ ਖ਼ਾਸ ਰਹੀ ਕਿ ਉਨ੍ਹਾਂ ਕਿਸੇ ਬੀਮਾਰੀ ਜਾਂ ਖ਼ਰਾਬ ਸਿਹਤ ਕਰਕੇ ਨਹੀਂ ਨੌਜਵਾਨ ਲੀਡਰਾਂ ਕਰ ਕੇ ਅਸਤੀਫ਼ਾ ਦਿੱਤਾ ਹੈ।

ਸੇਖਵਾਂ ਨੇ ਸੁਖਬੀਰ ਤੇ ਮਜੀਠੀਆ ਨੂੰ ਸਿੱਧਾ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਦੀ ਲੀਡਰਸ਼ਿਪ ਅਤੇ ਫੈਸਲਿਆਂ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਸੇਖਵਾਂ ਨੇ ਸ਼ਰ੍ਹੇਆਮ ਲਿਖਿਆ ਹੈ ਕਿ ਸੁਖਬੀਰ ਬਾਦਲ ਨੇ ਮੁੰਬਈ ਵਿੱਚ ਸੌਦਾ ਸਾਧ (ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ) ਨਾਲ ਬੈਠਕ ਕੀਤੀ ਤੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਅਵੱਗਿਆ ਕਰ ਜਥੇਦਾਰ ਕੋਲੋਂ ਧੱਕੇ ਨਾਲ ਰਾਮ ਰਹੀਮ ਨੂੰ ਮੁਆਫ਼ੀ ਵੀ ਦਿਵਾਈ।

ਟਕਸਾਲੀ ਲੀਡਰਾਂ ਨੇ ਪਹਿਲਾਂ ਵੀ ਸੰਕੇਤ ਦਿੱਤੇ ਸਨ ਪਰ ਸੇਖਵਾਂ ਨੇ ਅਸਤੀਫ਼ਾ ਪੱਤਰ ਵਿੱਚ ਸਾਲ 2015 ਦੌਰਾਨ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਬੈਠੇ ਸਿੱਖਾਂ 'ਤੇ ਗੋਲ਼ੀਆਂ ਚਲਾਉਣ ਦੀ ਨਿੰਦਾ ਕੀਤੀ ਹੈ। ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਵਿਚਾਰਧਾਰਾ ਦੇ ਉਲਟ ਮਾਝੇ ਦੇ ਟਕਸਾਲੀ ਲੀਡਰਾਂ ਨੇ ਬਰਗਾੜੀ ਮੋਰਚੇ ਦਾ ਸਮਰਥਨ ਕੀਤਾ ਹੈ ਅਤੇ ਆਉਂਦੇ ਦਿਨਾਂ ਵਿੱਚ ਉਹ ਮੋਰਚੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ।

ਹੇਠਾਂ ਪੜ੍ਹੋ ਸੇਖਵਾਂ ਵੱਲੋਂ ਸੁਖਬੀਰ ਬਾਦਲ ਨੂੰ ਭੇਜਿਆ ਅਸਤੀਫ਼ਾ-