ਵਾਸ਼ਿੰਗਟਨ: ਅਮਰੀਕਾ ਦੇ ਮਿਸੌਰੀ ਵਿੱਚ ਬ੍ਰਾਨਸਨ ਕੋਲ ਟੇਬਲ ਰਾਕ ਲੇਕ ਵਿੱਚ ਟੂਰਿਸਟ ਬੋਟ ਦੇ ਪਲਟਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਕਿਸ਼ਤੀ ਵਿੱਚ ਕੁੱਲ 31 ਮੁਸਾਫਰ ਸਵਾਰ ਸਨ, ਜਿਨ੍ਹਾ ਵਿੱਚੋਂ 14 ਸਹੀ ਸਲਾਮਤ ਬਚਾਏ ਗਏ।
ਖ਼ਬਰ ਏਜੰਸੀ ਐਫਏ ਮੁਤਾਬਕ, ਸਟੋਨ ਕਾਊਂਟੀ ਦੇ ਸ਼ੈਰਿਫ ਡਫ਼ ਰਡਾਰ ਨੇ ਨਵੇਂ ਅੰਕੜਿਆਂ ਨੂੰ ਸਾਂਝਾ ਕੀਤਾ ਤੇ ਸੱਤ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਵੀ ਕੀਤੀ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਰਡਾਰ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ।
ਵੀਰਵਾਰ ਸ਼ਾਮ 7:19 ਵਜੇ ਦੂਜੀ ਵਿਸ਼ਵ ਜੰਗ ਦੇ ਸਮੇਂ ਦੀ ਡੀਯੂਕੇ-ਡਬਲਿਊ ਬੋਟ ਪਲਟ ਗਈ ਸੀ। ਇਹ ਕਿਸ਼ਤੀ ਜ਼ਮੀਨ ਤੇ ਪਾਣੀ ਦੋਵਾਂ ਥਾਵਾਂ 'ਤੇ ਚੱਲਣ ਦੇ ਸਮਰੱਥ ਸੀ। ਖ਼ਰਾਬ ਮੌਸਮ ਨੂੰ ਇਸ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ।