ਚੰਡੀਗੜ੍ਹ: 1984 ਵਿੱਚ ਹੋਈ ਸਿੱਖ ਨਸਕੁਸ਼ੀ ਦੇ ਮਾਮਲੇ ਸਬੰਧੀ ਅੱਜ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਕੀਤੀ ਗਈ। ਦੰਗਾ ਪੀੜਤਾਂ ਦੇ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ ਅਦਾਲਤ ਵਿੱਚ ਸਾਰੇ ਪੱਖਾਂ ਦੀਆਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਹਨ। ਅਦਾਲਤ ਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਫੂਲਕਾ ਨੇ ਉਮੀਦ ਜਤਾਈ ਕਿ ਜਲਦ ਹੀ ਅਦਾਲਤ ਇਸ ਮਾਮਲੇ ਸਬੰਧੀ ਆਪਣਾ ਫੈਸਲਾ ਸੁਣਾਏਗੀ। ਪੀੜਤ ਕਾਫੀ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ।

ਦਰਅਸਲ ਇਹ ਮਾਮਲਾ ਦਿੱਲੀ ਕੈਂਟ ਵਿੱਚ ਪੰਜ ਸਿੱਖਾਂ ਦੇ ਕਤਲ ਦਾ ਹੈ। ਪੰਜ ਮੁਲਜ਼ਮਾਂ ਵਿੱਚ ਸਾਬਕਾ ਵਿਧਾਇਕ ਵੀ ਸ਼ਾਮਲ ਸੀ ਜਿਸ ’ਤੇ ਕੇਸ ਚੱਲ ਰਿਹਾ ਸੀ। ਸੱਜਣ ਕੁਮਾਰ ਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਸੀ। ਪਹਿਲਾਂ ਇਸ ਕੇਸ ਦੀ ਸੁਣਵਾਈ ਹਾਈਕੋਰਟ ਦੀ ਚੀਫ ਜਸਟਿਸ ਕਰ ਰਹੀ ਸੀ ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਇੱਕ ਡੈਡੀਕੇਟਿਡ ਬੈਂਚ ਬਣਾਉਣ ਬਾਰੇ ਗੱਲ ਕੀਤੀ ਗਈ ਸੀ। ਫਿਰ ਇਸ ਮਾਮਲੇ ’ਤੇ ਡੇਅ-ਟੂਡੇਅ ਸੁਣਵਾਈ ਸ਼ੁਰੂ ਹੋਈ। ਅੱਜ ਇਸ ਮਾਮਲੇ ਵਿੱਚ ਸਾਰੀਆਂ ਦਲੀਲਾਂ ਮੁਕੰਮਲ ਹੋਣ ਪਿੱਛੋਂ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।