ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਡਾ. ਨਵਜੋਤ ਕੌਰ ਸਿੱਧੂ ਖਿਲਾਫ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੂੰ ਅਦਾਲਤ ਵੱਲੋਂ ਕਲੀਨ ਚਿੱਟ ਦੇਣ ’ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਜੋੜਾ, ਪੰਜਾਬ ਸਰਕਾਰ, ਮੌਕੇ ’ਤੇ ਮੌਜੂਦ ਪ੍ਰਬੰਧਕ ਜਾਂ ਕਿਸੇ ਹੋਰ ਵਿਅਕਤੀ ਦਾ ਹਾਦਸੇ ਵਿੱਚ ਕੋਈ ਕਸੂਰ ਨਹੀਂ।

ਉਨ੍ਹਾਂ ਕਿਹਾ ਕਿ ਇਹ ਰੇਲ ਹਾਦਸਾ ਕਿਸੇ ਦੀ ਗ਼ਲਤੀ ਕਰਕੇ ਨਹੀਂ ਹੋਇਆ, ਬਲਕਿ ਇੱਕ ਅਣਹੋਣੀ ਸੀ, ਜੋ ਵਾਪਰ ਗਈ। ਉਨ੍ਹਾਂ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਯਾਦ ਕਰਾਇਆ ਕਿ ਨਵਜੋਤ ਸਿੰਘ ਸਿੱਧੂ ਹਾਦਸੇ ਵਿੱਚ ਅਨਾਥ ਹੋਏ ਪੀੜਤਾਂ ਦਾ ਸਹਾਰਾ ਬਣਨਗੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਵਣ ਦਹਿਨ ਮੌਕੇ ਪਟਾਖਿਆਂ ਦੀ ਆਵਾਜ਼ ਵਿੱਚ ਰੇਲ ਦੀ ਆਵਾਜ਼ ਨਹੀਂ ਸੁਣੀ। ਉਨ੍ਹਾਂ ਮਿਸਾਲ ਦਿੱਤੀ ਕਿ ਅਮਰੀਕਾ-ਕੈਨੇਡਾ ਵਿੱਚ ਵੀ ਰੇਲਵੇ ਪਟਰੀਆਂ ਹਨ, ਪਰ ਉਨ੍ਹਾਂ ਉੱਪਰ ਕੋਈ ਵੀ ਫਾਟਕ ਨਹੀਂ, ਕੇਵਲ ਰੈੱਡ ਲਾਈਟ ਹੁੰਦੀ ਹੈ, ਜਿਸ ਨੂੰ ਦੇਖ ਕੇ ਲੋਕ ਆਪਣੇ ਆਪ ਰੁਕ ਜਾਂਦੇ ਹਨ। ਜੇ ਲੋਕ ਨਾ ਰੁਕਣ ਤਾਂ ਉਹ ਲੋਕ ਵੀ ਰੇਲ ਹੇਠਾਂ ਆ ਸਕਦੇ ਹਨ।