ਫ਼ਤਹਿਗੜ੍ਹ ਸਾਹਿਬ: ਬੀਤੇ ਦਿਨੀਂ ਧਾਰਮਿਕ ਚਿਨ੍ਹਾਂ ਦੀ ਬੇਅਦਬੀ ਦਾ ਮਾਮਲਾ ਕਾਫ਼ੀ ਭਖ਼ ਗਿਆ ਹੈ, ਜਿਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਮੈਂਬਰ ਕਾਫੀ ਗੁੱਸੇ ਵਿੱਚ ਹਨ। ਇਸ ਗੁੱਸੇ ਦਾ ਸ਼ਿਕਾਰ ਫ਼ਤਹਿਗੜ੍ਹ ਸਾਹਿਬ ਗੁਰਦੁਆਰੇ ਦੇ ਹੈੱਡ ਗ੍ਰੰਥੀ ਵੀ ਹੋ ਗਏ।
ਦਰਅਸਲ, ਪਿਛਲੇ ਦਿਨੀਂ ਇਤਿਹਾਸਕ ਗੁਰਦੁਆਰਾ ਸਾਹਿਬ ਨੇੜੇ ਬਣੇ ਹੋਏ ਸ਼ੋਅਰੂਮ ਵਿੱਚ ਅੱਗ ਲੱਗ ਗਈ ਤੇ ਉੱਥੋਂ ਦੇ ਸੜੇ ਹੋਏ ਕੁਝ ਧਾਰਮਿਕ ਚਿੰਨ੍ਹਾਂ ਨੂੰ ਸਰਹਿੰਦ ਚੋਅ ਵਿੱਚ ਸੁੱਟਿਆ ਹੋਇਆ ਪਾਇਆ ਗਿਆ। ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਪਾਰਾ 7ਵੇਂ ਅਸਮਾਨ ਚੜ੍ਹ ਗਿਆ। ਹਾਲਾਂਕਿ, ਪੁਲਿਸ ਨੇ ਸ਼ੋਅਰੂਮ ਮਾਲਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰ ਐਤਵਾਰ ਨੂੰ ਮਾਮਲਾ ਉਦੋਂ ਹੋਰ ਭਖ ਗਿਆ, ਜਦ ਸਤਿਕਾਰ ਕਮੇਟੀ ਨੂੰ ਪਤਾ ਲੱਗਾ ਕਿ ਸ਼ੋਅਰੂਮ ਮਾਲਕਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ।
ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਨੱਥਾ ਸਿੰਘ ਉੱਪਰ ਢਿੱਲੀ ਕਾਰਵਾਈ ਦਾ ਇਲਜ਼ਾਮ ਲਾਉਂਦਿਆਂ ਰੋਸ ਜ਼ਾਹਰ ਕੀਤਾ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ, ਜੋ ਝੜਪ ਦਾ ਰੂਪ ਧਾਰ ਗਈ। ਇਸ ਹੱਥੋਪਾਈ ਵਿੱਚ ਦਸਤਾਰਾਂ ਵੀ ਉੱਤਰ ਗਈਆਂ। ਹਾਲਾਂਕਿ ਹੈੱਡ ਗ੍ਰੰਥੀ ਹਰਪਾਲ ਸਿੰਘ ਨੇ ਆਪਣੇ ਉੱਪਰ ਹੋਏ ਹਮਲੇ ਬਾਰੇ ਕੋਈ ਪੁਲਿਸ ਸ਼ਿਕਾਇਤ ਕਰਨ ਤੋਂ ਟਾਲ਼ਾ ਵੱਟ ਲਿਆ ਹੈ। ਹਾਲਾਂਕਿ, ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ।