ਲੁਧਿਆਣਾ: ਪੰਜਾਬ ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਨੂੰ ਲੈ ਕੇਲੁਧਿਆਣਾ ਦੇ ਡੀਸੀ ਦਫ਼ਤਰ ਦੇ ਅੱਗੇ 12 ਸਤੰਬਰ ਨੂੰ ਭੁੱਖ ਹੜਤਾਲ 'ਤੇ ਬੈਠਣਗੇ। ਇਸ ਭੁੱਖ ਹੜਤਾਲ ਦੀ ਸ਼ੁਰੂਆਤ ਦੰਗਾਪੀੜਤ ਪਰਿਵਾਰਾਂ ਦੀਆਂ 5 ਔਰਤਾਂ ਕਰਨਗੀਆਂ।     ਦੰਗਾ ਪੀੜਤਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਧਿਕਾਰੀ ਉਨ੍ਹਾਂ ਨਾਲ ਲਗਾਤਾਰ ਸਿਰਫ਼ ਵਾਅਦੇ ਕਰਦੇ ਆਏ ਹਨ ਪਰ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੇਢ ਸਾਲ ਪਹਿਲਾਂ ਕੀਤੇ ਐਲਾਨਾਂ ਨੂੰ ਵੀ ਅਜੇ ਤੱਕ ਅਫ਼ਸਰਸ਼ਾਹੀ ਵੱਲੋਂ ਲਾਗੂ ਨਹੀਂ ਕੀਤਾ ਗਿਆ ਹੈ। ਇਸ ਕਰਕੇ ਪੰਜ ਹਜ਼ਾਰ ਦੰਗਾ ਪੀੜਤਾਂ ਦੇ ਰੈੱਡ ਕਾਰਡ ਅਜੇ ਤੱਕ ਨਹੀਂ ਬਣੇ ਹਨ।   ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਕੇਂਦਰ ਸਰਕਾਰ ਤੋਂ ਪੰਜ ਲੱਖ ਰੁਪਏ ਗ੍ਰਾਂਟ ਦਿਵਾਉਣ ਦਾ ਵੀ ਕੁਝ ਨਹੀਂ ਕੀਤਾ ਹੈ। ਦੰਗੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਬਣੀ ਐਸਆਈਟੀ ਦਾ ਵੀ ਕੋਈ ਅਤਾ ਪਤਾ ਨਹੀਂ ਹੈ। ਪੰਜਾਬ ਸਰਕਾਰ ਨੇ ਦੰਗਾ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਇਕ ਵੀ ਨੌਕਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ 'ਚ ਕੇਂਦਰ ਸਰਕਾਰ ਜਿੰਨੀ ਹੀ ਦੋਸ਼ੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਵੀ ਦੰਗਾ ਪੀੜਤਾਂ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਹੈ।