ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਨਜ਼ਰ ਨਹੀਂ ਆਏਗੀ। ਇਹ ਦਾਅਵਾ ਗਊ ਸੇਵਾ ਦਲ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਕੀਤਾ ਹੈ। ਭਗਤ ਮੁਤਾਬਕ ਸੂਬਾ ਸਰਕਾਰ ਨੇ ਸਾਰੇ 22 ਜ਼ਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ। ਚੇਅਰਮੈਨ ਦਾ ਇਹ ਵੀ ਕਹਿਣਾ ਹੈ ਕਿ ਪੀਐਮ ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਪੰਜਾਬ ਨਾਲ ਜੋੜ ਕੇ ਨਾ ਦੇਖਿਆ ਜਾਵੇ। ਉਨ੍ਹਾਂ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੋਵੇਗਾ।

 

 
ਪੰਜਾਬ ਦੀਆਂ ਸੜਕਾਂ 'ਤੇ ਆਏ ਦਿਨ ਲਵਾਰਸ ਗਊਆਂ ਕਾਰਨ ਹੋਣ ਵਾਲੇ ਹਾਦਸੇ ਹੁਣ ਜਲਦ ਰੁਕ ਜਾਣਗੇ ਕਿਉਂਕਿ ਸੂਬੇ ਦੀਆਂ ਸੜਕਾਂ 'ਤੇ ਠੀਕ 60 ਦਿਨ ਬਾਅਦ ਕੋਈ ਵੀ ਲਵਾਰਸ ਗਊ ਧਨ ਘੁੰਮਦਾ ਨਜ਼ਰ ਨਹੀਂ ਆਏਗਾ। ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਪੰਜਾਬ ਨੂੰ ਪੀ.ਐਮ. ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਵੱਖ ਕਰਦੇ ਹਨ। ਦਾਅਵਾ ਹੈ ਕਿ ਪੰਜਾਬ 'ਚ ਕਿਸੇ ਗਊ ਰੱਖਿਅਕ ਦਲ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਪਟਿਆਲਾ ਪੁਲਿਸ ਵੱਲੋਂ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

 

 
ਬੇਸ਼ੱਕ ਭਗਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਸਭ ਅੱਛਾ ਹੈ। ਜੇਕਰ ਕਿਸੇ ਨਾਲ ਕੋਈ ਗਊ ਰੱਖਿਅਕ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਕੋਲ ਸ਼ਿਕਾਇਤ ਦੇਵੇ, ਜਿਸ 'ਤੇ ਉਹ ਤੁਰੰਤ ਕਾਰਵਾਈ ਕਰਨਗੇ। ਪਿਛਲੇ ਦਿਨੀਂ ਲੁਧਿਆਣਾ ਦੇ ਜਗਰਾਓਂ 'ਚ ਸੈਂਕੜੇ ਦੀ ਤਾਦਾਦ 'ਚ ਡੇਅਰੀ ਕਿਸਾਨਾਂ ਵੱਲੋਂ ਖੁੱਲ੍ਹ ਕੇ ਕੀਤੇ ਪ੍ਰਦਰਸ਼ਨ ਦੌਰਾਨ ਗਊ ਰੱਖਿਅਕਾਂ ਹੱਥੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮਾਂ ਨੂੰ ਲੈ ਕੇ ਵੀ ਉਹ ਕਿਸੇ ਠੋਸ ਕਾਰਵਾਈ ਦੇ ਹਾਮੀ ਨਜ਼ਰ ਨਹੀਂ ਆਏ।

 

 

ਚੇਅਰਮੈਨ ਮੁਤਾਬਕ ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਧਨ ਨਜ਼ਰ ਨਹੀਂ ਆਏਗਾ। ਇਸ ਦੇ ਲਈ ਸੂਬਾ ਸਰਕਾਰ ਨੇ ਸਾਰੇ 22 ਜਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ ਪਰ ਇਨ੍ਹਾਂ ਦਾਅਵਿਆਂ 'ਚ ਕਿੰਨਾ ਕੁ ਦਮ ਹੈ, ਇਸ ਦੇ ਲਈ ਤੁਹਾਨੂੰ ਜਿਆਦਾ ਦੇਰ ਨਹੀਂ ਸਿਰਫ 60 ਦਿਨ ਹੀ ਉਡੀਕ ਕਰਨੇ ਹੋਣਗੇ।