ਜੰਮੂ: ਮੰਡੇਰ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਦੌਰਾਨ ਦੋ ਭਾਰਤੀ ਸੈਨਿਕ ਸ਼ਹੀਦ ਤੇ ਦੋ ਗੰਭੀਰ ਜ਼ਖਮੀ ਹੋਏ ਹਨ। ਫਾਇਰਿੰਗ ਵਿੱਚ 22 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਸੇਵਕ ਸਿੰਘ ਸ਼ਹੀਦ ਹੋਇਆ ਹੈ। ਉਹ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਤਾਇਨਾਤ ਸੀ। ਗੁਰਸੇਵਕ ਦਾ ਸਬੰਧ ਤਰਨ ਤਾਰਨ ਜ਼ਿਲ੍ਹੇ ਨਾਲ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਅੱਜ ਸਵੇਰੇ ਤੜਕੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ। ਪਾਕਿਸਤਾਨੀ ਫਾਇਰਿੰਗ ਵਿੱਚ ਇੱਕ ਆਮ ਨਾਗਰਿਕ ਵੀ ਜ਼ਖਮੀ ਹੋਇਆ ਹੈ। ਪਾਕਿਸਤਾਨੀ ਫਾਇਰਿੰਗ ਦਾ ਜਵਾਬ ਭਾਰਤੀ ਸੈਨਾ ਵੱਲੋਂ ਵੀ ਦਿੱਤਾ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਵਿੱਚ ਹੁਣ ਤੱਕ 9 ਸੈਨਿਕ ਸ਼ਹੀਦ ਹੋ ਚੁੱਕੇ ਹਨ। ਇਸ ਤੋਂ ਇਲਾਵਾ 8 ਲੋਕ ਵੀ ਫਾਇਰਿੰਗ ਵਿੱਚ ਮਾਰੇ ਜਾ ਚੁੱਕੇ ਹਨ। ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ।