ਦਰਅਸਲ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ’ਚੋਂ ਦੋ ਜਣਿਆਂ ਕੋਲੋਂ ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਵੱਲੋਂ ਅਫੀਮ ਤੇ ਭੁੱਕੀ ਬਰਾਮਦ ਕੀਤੀ ਸੀ। ਬੇਸ਼ੱਕ ਇਹ ਨਸ਼ਾ ਸਿਰਫ 700 ਗ੍ਰਾਮ ਸੀ ਪਰ ਏਜੰਸੀਆਂ ਇਸ ਨੂੰ ਬੜੀ ਬਾਰੀਕੀ ਨਾਲ ਵੇਖ ਰਹੀਆਂ ਹਨ। ਖ਼ੁਫ਼ੀਆ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਆਈਐਸਆਈ ਵੱਲੋਂ ਹੁਣ ਤਸਕਰੀ ਲਈ ਜਥਿਆਂ ਰਾਹੀਂ ਜਾਂਦੇ ਸ਼ਰਧਾਲੂਆਂ ਨੂੰ ਵਰਤਿਆ ਜਾ ਸਕਦਾ ਹੈ।
ਇਹ ਸ਼ਰਧਾਲੂ ਵੀਰਵਾਰ ਨੂੰ ਅਟਾਰੀ ਸਰਹੱਦ ਰਸਤੇ ਵਾਪਸ ਪਰਤੇ ਸਨ। ਕਸਟਮ ਵਿਭਾਗ ਨੇ ਕੀਤੀ ਜਾਂਚ ਦੌਰਾਨ ਇਨ੍ਹਾਂ ਕੋਲੋਂ ਕੁਝ ਸ਼ੱਕੀ ਸਾਮਾਨ ਬਰਾਮਦ ਕੀਤਾ ਸੀ। ਕਸਟਮ ਵਿਭਾਗ ਨੂੰ ਸ਼ੱਕ ਸੀ ਕਿ ਇਹ ਨਸ਼ੀਲਾ ਪਦਾਰਥ ਅਫੀਮ ਹੈ ਪਰ ਸ਼ਰਧਾਲੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਪਾਕਿਸਤਾਨ ਤੋਂ ਸ਼ਿਲਾਜੀਤ ਲੈ ਕੇ ਆਏ ਹਨ। ਕਸਟਮ ਵਿਭਾਗ ਨੇ ਜਾਂਚ ਮਗਰੋਂ ਦਾਅਵਾ ਕੀਤਾ ਕਿ ਇਹ ਪਦਾਰਥ ਅਫੀਮ ਹੈ।
ਕਸਟਮ ਵਿਭਾਗ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਕਸਟਮ ਵਿਭਾਗ ਨੇ ਦਾਅਵਾ ਕੀਤਾ ਕਿ ਇਹ ਲਗਪਗ 700 ਗ੍ਰਾਮ ਅਫੀਮ ਤੇ 290 ਗ੍ਰਾਮ ਭੁੱਕੀ ਹੈ। ਇਸ ਤੋਂ ਇਲਾਵਾ ਇੱਕ ਡਾਇਰੀ ਵੀ ਬਰਾਮਦ ਕੀਤੀ ਹੈ, ਜਿਸ ਵਿੱਚ ਪਾਕਿਸਤਾਨੀ ਫੋਨ ਨੰਬਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ।
ਸਰਹੱਦ ’ਤੇ ਤਾਇਨਾਤ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਇਸ ਨੂੰ ਪਾਕਿਸਤਾਨੀ ਏਜੰਸੀ ਆਈਐਸਆਈ ਦੀ ਕਾਰਵਾਈ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਇਸ ਖ਼ੁਫ਼ੀਆ ਏਜੰਸੀ ਵੱਲੋਂ ਵੱਖ ਵੱਖ ਢੰਗ ਤਰੀਕਿਆਂ ਨਾਲ ਭਾਰਤ ਵਿੱਚ ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ, ਹੁਣ ਉਸ ਵੱਲੋਂ ਜਥੇ ਰਾਹੀਂ ਜਾਂਦੇ ਸ਼ਰਧਾਲੂਆਂ ਦੀ ਵਰਤੋਂ ਕੀਤੀ ਗਈ ਹੈ।