ਚੰਡੀਗੜ੍ਹ: ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਜਗਮੇਲ ਸਿੰਘ ਦੀ ਮੌਤ ਮਗਰੋਂ ਸਿਆਸੀ ਪਾਰਾ ਚੜ੍ਹ ਗਿਆ ਹੈ। ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਪਰਿਵਾਰਕ ਮੈਂਬਰਾਂ ਨੂੰ ਸਿਆਸੀ, ਕਿਸਾਨ-ਮਜ਼ਦੂਰ ਤੇ ਸਮਾਜਕ ਸੰਗਠਨਾਂ ਦੀ ਹਮਾਇਤ ਮਿਲ ਗਈ ਹੈ। ਪਰਿਵਾਰ ਆਪਣੀਆਂ ਮੰਗਾਂ ਮੰਨਣ ਤੋਂ ਬੈਗਰ ਲਾਸ਼ ਲੈਣ ਲਈ ਰਾਜ਼ੀ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਸੀਨੀਅ ਲੀਡਰ ਅਮਨ ਅਰੋੜਾ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ।


ਦਰਅਸਲ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਜੱਦੀ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੁਝ ਨੌਜਵਾਨਾਂ ਨੇ ਬੰਦੀ ਬਣਾ ਕੇ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਖਿੱਚ ਦਿੱਤਾ ਸੀ। ਉਸ ਨੂੰ ਪੇਸ਼ਾਬ ਪੀਣ ਲਈ ਮਜ਼ਬੂਰ ਕੀਤਾ ਗਿਆ ਸੀ। ਇਲਾਜ ਦੌਰਾਨ ਸ਼ਨੀਵਾਰ ਨੂੰ ਪੀਜੀਆਈ ’ਚ ਉਸ ਦੀ ਮੌਤ ਹੋ ਗਈ। ਇਸ ਮਗਰੋਂ ਇਹ ਮਸਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ।

ਡਾਕਟਰਾਂ ਦੀ ਕਹਿਣਾ ਹੈ ਕਿ ਬੀਤੇ ਦਿਨ ਨੌਜਵਾਨ ਦੀਆਂ ਦੋਵੇਂ ਲੱਤਾਂ ਇਨਫੈਕਸ਼ਨ ਕਾਰਨ ਕੱਟ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉੱਧਰ ਜਗਮੇਲ ਸਿੰਘ ਦੇ ਪਿੰਡ ਚੰਗਾਲੀਵਾਲਾ ’ਚ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਤੇ ਵਰਕਰ ਪਹੁੰਚ ਗਏ ਹਨ। ਉਨ੍ਹਾਂ ਜਗਮੇਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 15 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਹੈ।

ਸੰਘਰਸ਼ ਕਮੇਟੀ ਨੇ ਮੰਗ ਪੱਤਰ ਦੇ ਕੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤੇ 120 ਬੀ ਵਾਧੇ ਦੀ ਨਕਲ ਦੇਣ, ਪੀੜਤ ਪਰਿਵਾਰ ਨੂੰ 25 ਲੱਖ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਦੋਸ਼ੀਆਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਗੜਾ ਨੇ ਪਿੰਡ ਚੰਗਾਲੀਵਾਲਾ ਪਹੁੰਚ ਕੇ ਭਰੋਸਾ ਦਿੱਤਾ ਕਿ ਕਮਿਸ਼ਨ ਪੂਰੀ ਤਰ੍ਹਾਂ ਪੀੜਤ ਪਰਿਵਾਰ ਨਾਲ ਖੜ੍ਹਾ ਹੈ।

ਐਸਪੀ (ਡੀ) ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਲਹਿਰਾਗਾਗਾ ਪੁਲਿਸ ਨੇ 13 ਨਵੰਬਰ ਨੂੰ ਚਾਰ ਮੁਲਜ਼ਮਾਂ ਰਿੰਕੂ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਬਿੰਦਰ ਤੇ ਯਾਦਵਿੰਦਰ ਸਿੰਘ ਵਾਸੀ ਚੰਗਾਲੀਵਾਲਾ ਖ਼ਿਲਾਫ਼ ਧਾਰਾ 365, 342, 308, 323, 34 ਆਈਪੀਸੀ ਤੇ ਐਸਸੀ ਐਕਟ 1989 ਅਧੀਨ ਕੇਸ ਦਰਜ ਕੀਤਾ ਸੀ ਪਰ ਹੁਣ ਧਾਰਾ 302, 120 ਬੀ ਅਧੀਨ ਵਾਧਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਿੰਕੂ ਸਿੰਘ, ਅਮਰਜੀਤ ਸਿੰਘ ਤੇ ਯਾਦਵਿੰਦਰ ਸਿੰਘ ਨੂੰ 14 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ 18 ਨਵੰਬਰ ਤੱਕ ਪੁਲਿਸ ਰਿਮਾਂਡ ਲਿਆ ਸੀ। ਸ਼ਨੀਵਾਰ ਨੂੰ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਵੀ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਦੇ ਹਥਿਆਰ ਜ਼ਬਤ ਕਰਨ ਤੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਲਈ ਕਾਰਵਾਈ ਕਰ ਰਹੀ ਹੈ।