ਅੰਮ੍ਰਿਤਸਰ: ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ 1 ਨਵੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਵਿੱਚ ਪੂਰੇ ਸੰਸਾਰ ਵਿੱਚ ਵੱਖ-ਵੱਖ ਕਿੱਤਿਆਂ ਵਿੱਚ ਆਪਣਾ ਨਾਮ ਬਣਾ ਚੁੱਕੇ 2000 ਪੰਜਾਬੀਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਅਰੁਣ ਜੇਤਲੀ ਹੋਣਗੇ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਣਜੀਤ ਅਵਿਨਊ ਇਲਾਕੇ ਵਿੱਚ 1 ਨਵੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪੂਰੇ ਸੰਸਾਰ ਦੇ ਉਨ੍ਹਾਂ ਪੰਜਾਬੀਆਂ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਆਪਣੇ ਨਾਮ ਦਾ ਲੋਹਾ ਮੰਨਵਾਇਆ ਹੈ। ਇਸ ਵਿੱਚ ਸਾਬਕਾ ਵਿਧਾਇਕ, ਸਾਂਸਦ, ਸ਼੍ਰੋਮਣੀ ਕਮੇਟੀ ਮੈਂਬਰ, ਲੇਖਕ, ਸਨਅਤਕਾਰ, ਆਰਟਿਸਟ, ਖਿਡਾਰੀ ਤੇ ਸਾਬਕਾ ਫੌਜੀ ਵੀ ਸ਼ਾਮਲ ਹਨ।
ਇੱਥੇ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕੇ ਜੇਕਰ ਵੱਖ-ਵੱਖ ਖੇਤਰਾਂ ਤੋਂ ਇਲਾਵਾ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਨਵਜੋਤ ਸਿੱਧੂ ਜਾਂ ਫਿਰ ਪਰਗਟ ਸਿੰਘ ਦੇ ਨਾਮ ਵੀ ਪੰਜਾਬ ਸਰਕਾਰ ਦੀ ਇਸ ਸੂਚੀ ਵਿੱਚ ਸ਼ਾਮਲ ਹਨ ਜਾਂ ਫਿਰ ਨਹੀਂ ?