ਚੰਡੀਗੜ੍ਹ: ਪੰਜਾਬ ਪੁਲਿਸ ਦੀ ਭਰਤੀ ਵਿੱਚ ਬੇਰੁਜਗਾਰੀ ਦੀ ਹਾਲਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਕਾਂਸਟੇਬਲ ਦੀ ਭਰਤੀ ਲਈ ਚੁਣੇ ਗਏ 7713 ਉਮੀਦਵਾਰਾਂ ਵਿੱਚ ਐਮ.ਟੈਕ, ਬੀ.ਟੈਕ ਤੇ ਪੋਸਟ ਗ੍ਰੈਜੂਏਟ ਪੂਰੀ ਕਰ ਚੁੱਕੇ ਉਮੀਦਵਾਰ ਸ਼ਾਮਲ ਹਨ।

ਪੁਲਿਸ ਮੁਤਾਬਕ ਸਫਲ ਉਮੀਦਵਾਰਾਂ ਵਿੱਚ 162 ਪੋਸਟ ਗ੍ਰੈਜੂਏਟ, 6 ਐਮ.ਟੈਕ, 1181 ਗ੍ਰੈਜੂਏਟ ਤੇ 261 ਡਿਪਲੋਮਾ ਹੋਲਡਰ ਹਨ। ਇਨ੍ਹਾਂ ਵਿੱਚ 85 ਫੀਸਦੀ ਉਮਰ 19 ਤੋਂ 26 ਸਾਲ ਵਿਚਾਲੇ ਹੈ। ਇਨ੍ਹਾਂ ਦੀ ਟ੍ਰੇਨਿੰਗ 15 ਨਵੰਬਰ ਤੋਂ ਸ਼ੁਰੂ ਹੋਏਗੀ।

ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ ਵਿੱਚ ਬੇਰੁਜ਼ਗਾਰੀ ਦੀ ਕੋਈ ਸਮੱਸਿਆ ਨਹੀਂ ਰਹੀ। ਇਸ ਭਰਤੀ ਵਿੱਚ ਪੋਸਟ ਗ੍ਰੈਜੂਏਟ ਉਮੀਦਵਾਰਾਂ ਦਾ ਹੋਣਾ ਸਿੱਧ ਕਰਦਾ ਹੈ ਕਿ ਪੰਜਾਬ ਵਿੱਚ ਪੜ੍ਹੇ-ਲਿਖੇ ਲੋਕ ਵਿਹਲੇ ਡਿਗਰੀਆਂ ਚੁੱਕੀ ਫਿਰਦੇ ਹਨ।

ਪੰਜਾਬ ਪੁਲੀਸ ਵੱਲੋਂ ਜ਼ਿਲ੍ਹਾ ਪੁਲੀਸ ਕਾਡਰ ਤੇ ਆਰਮਡ ਪੁਲੀਸ ਕਾਡਰ ਵਿੱਚ 7173 ਸਿਪਾਹੀਆਂ ਦੀ ਭਰਤੀ ਦੇ ਨਤੀਜੇ ਦਾ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਹੈ।  ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁੱਲ 7173 ਸਫਲ ਉਮੀਦਵਾਰਾਂ ਵਿੱਚੋਂ ਜ਼ਿਲ੍ਹਾ ਪੁਲੀਸ ਕਾਡਰ ਵਿਚ 3556 ਪੁਰਸ਼ ਤੇ 1116 ਔਰਤਾਂ ਦੀ ਚੋਣ ਹੋਈ ਹੈ ਜਦਕਿ ਆਰਮਰਡ ਪੁਲੀਸ ਕਾਡਰ ਵਿੱਚ 2501 ਪੁਰਸ਼ ਸਿਪਾਹੀਆਂ ਦੀ ਚੋਣ ਹੋਈ ਹੈ।

ਉਨ੍ਹਾਂ ਕਿਹਾ ਕਿ 85 ਫੀਸਦੀ ਸਫਲ ਉਮੀਦਵਾਰ 19 ਤੋਂ 26 ਸਾਲ ਦੇ ਉਮਰ ਵਰਗ ਵਿਚਕਾਰ ਹਨ। ਸਫਲ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਰਟੀਫੀਕੇਟਾਂ, ਮਾਰਕ ਸ਼ੀਟਾਂ ਆਦਿ ਦੀ ਪੜਤਾਲ ਲਈ 27 ਅਕਤੂਬਰ ਤੋਂ ਉਨ੍ਹਾਂ ਨੂੰ ਅਲਾਟ ਜ਼ਿਲ੍ਹੇ ਤੇ ਆਰਮਰਡ ਪੁਲੀਸ ਦੇ ਕੇਸ ਵਿੱਚ ਬਟਾਲੀਅਨ ਹੈਡਕੁਆਰਟਰਾਂ ’ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।