ਚੰਡੀਗੜ੍ਹ: ਪੰਜਾਬ ਫਰਜ਼ੀ ਟਰੈਵਲ ਏਜੰਟ ਵੱਡੀ ਸਮੱਸਿਆ ਬਣੇ ਹੋਏ ਹਨ। ਲੋਕਾਂ ਨੂੰ ਵਿਦੇਸ਼ਾਂ ਵਿੱਚ ਚੰਗੇ ਭਵਿੱਖ ਦਾ ਸੁਫਨਾ ਵਿਖਾ ਕੇ ਲੱਖਾਂ ਰੁਪਏ ਲੁੱਟਣ ਦੇ ਨਾਲ-ਨਾਲ ਉਨ੍ਹਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਕੈਪਟਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੱਤਾ ’ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਦਿਆਂ ਹੁਣ ਤੱਕ 2140 ਕੇਸ ਦਰਜ ਕੀਤੇ ਹਨ।


ਇਹ ਖੁਲਾਸਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਦੀ ਤਰਫੋਂ ‘ਆਪ’ ਵਿਧਾਇਕ ਕੰਵਰ ਸੰਧੂ ਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਕੀਤਾ। ਸੰਧੂ ਨੇ ਮੰਗ ਕੀਤੀ ਕਿ ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ਬਣਾਵੇ।

ਇਸ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 420 ਤਹਿਤ 1107 ਕੇਸ, ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014 ਤਹਿਤ 528 ਤੇ ਇਮੀਗ੍ਰੇਸ਼ਨ ਐਕਟ-1983 ਤਹਿਤ 505 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਚਾਰ ਨੌਜਵਾਨਾਂ ਜਿਨ੍ਹਾਂ ਨੂੰ ਧੋਖਾਧੜੀ ਨਾਲ ਟਰੈਵਲ ਏਜੰਟਾਂ ਨੇ ਆਰਮੀਨੀਆ ਭੇਜ ਦਿੱਤਾ ਸੀ, ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ-2012 ਦੇ ਤਹਿਤ ਤਿੰਨ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਬਾਕੀਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

ਗੈਰ-ਕਾਨੂੰਨੀ ਏਜੰਟਾਂ ਦੇ ਹੱਥੋਂ ਸੂਬੇ ਦੇ ਨੌਜਵਾਨਾਂ ਦੇ ਹੁੰਦੇ ਸ਼ੋਸ਼ਣ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਲੋੜ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿਖਲਾਈ ਮੁਹੱਈਆ ਦੇਣ ਲਈ ਨਿਗਮ ਦਾ ਗਠਨ ਛੇਤੀ ਹੀ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਸਾਰੇ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਅਜਿਹੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ।