ਲੁਧਿਆਣਾ: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਜਾਵੇਗਾ। ਇਹ ਐਲਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੈ। ਉਨ੍ਹਾਂ ਦੀਾ ਦਾਅਵਾ ਹੈ ਕਿ ਕੰਪਨੀ ਨੇ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਹੈ।


ਪਾਨੀਪਤ-ਜਲੰਧਰ ਕੌਮੀ ਸ਼ਾਹਰਾਹ 'ਤੇ ਲੁਧਿਆਣਾ ਨੇੜਿਓਂ ਲੰਘਦੇ ਸਤਲੁਜ ਦਰਿਆ 'ਤੇ ਬਣੇ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਦਾ ਦਾਅਵ ਕਰਨ ਵਾਲੇ ਸੰਸਦ ਮੈਂਬਰ ਮੁਤਾਬਕ ਕੰਪਨੀ ਕੰਮ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਨੇ 27 ਫਰਵਰੀ ਤਕ ਇਸ ਸੜਕ ਨੂੰ ਛੇ ਮਾਰਗੀ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਤਾਂ ਟੋਲ ਬੈਰੀਅਰ 'ਤੇ ਟੈਕਸ ਵਸੂਲਣੋਂ ਰੋਕਿਆ ਜਾਵੇਗਾ।

ਉੱਧਰ, ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਜੋਤੀ ਪ੍ਰਕਾਸ਼ ਦਾ ਤਰਕ ਹੈ ਕਿ ਉਨ੍ਹਾਂ ਕੋਲ ਸਾਲ 2024 ਤਕ ਟੋਲ ਟੈਕਸ ਵਸੂਲਣ ਦੀ ਆਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ ਸ਼ਾਹਰਾਹ ਅਥਾਰਟੀ ਨਾਲ ਕੰਪਨੀ ਕੁਝ ਮੁੱਦਿਆਂ 'ਤੇ ਅਸਹਿਮਤੀ ਚੱਲਦੇ ਹੋਣ ਕਰਕੇ ਕੰਮ ਰੁਕਿਆ ਹੋਇਆ ਹੈ। ਅਧਿਕਾਰ ਮੁਤਾਬਕ ਮਸਲੇ ਹੱਲ ਹੁੰਦਿਆਂ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।