ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਡੀਜੀਪੀ ਸੁਮੇਧ ਸਿੰਘ ਸੈਣੀ ਤਕ ਵੀ ਪਹੁੰਚ ਗਏ ਹਨ। ਐਸਆਈਟੀ ਨੇ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਸੰਮਨ ਜਾਰੀ ਹੋਣ ਦੀ ਖ਼ਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗ੍ਰਿਫ਼ਤਾਰੀ ਦੀ ਪੇਸ਼ਕਸ਼ ਸਬੰਧੀ ਕੀਤੇ ਜਾਣ ਤੋਂ ਕੁਝ ਹੀ ਸਮਾਂ ਬਾਅਦ ਬਾਹਰ ਆ ਗਈ।


ਇਹ ਵੀ ਪੜ੍ਹੋ- ਬੇਅਦਬੀ ਤੇ ਗੋਲੀ ਕਾਂਡ: ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੇ ਬਾਦਲ

ਐਸਆਈਟੀ ਨੇ ਸੈਣੀ ਨੂੰ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਟਰ ਵਿੱਚ 25 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਡੀਜੀਪੀ ਸੁਮੇਧ ਸੈਣੀ ਇਸ ਮਾਮਲੇ ਵਿੱਚ ਸਭ ਤੋਂ ਉੱਚ ਅਧਿਕਾਰੀ ਹਨ, ਜਿਨ੍ਹਾਂ ਤੋਂ ਐਸਆਈਟੀ ਪੁੱਛਗਿੱਛ ਕਰੇਗੀ। ਸੈਣੀ ਤੋਂ ਪਹਿਲਾਂ ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗੋਲ਼ੀਕਾਂਡਾਂ ਸਬੰਧੀ ਮਾਮਲਿਆਂ ਵਿੱਚ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ।

ਸਬੰਧਤ ਖ਼ਬਰ- ਬਹਿਬਲ ਕਲਾਂ ਤੇ ਬਰਗਾੜੀ ਕਾਂਡ 'ਚ ਹੋਣਗੇ ਵੱਡੇ ਖੁਲਾਸੇ

ਐਸਆਈਟੀ ਨੇ ਬੇਅਦਬੀ ਮਾਮਲਿਆਂ ਨਾਲ ਡੇਰਾ ਸਿਰਸਾ ਮੁਖੀ ਦਾ ਸਬੰਧ ਜਾਂਚਣ ਲਈ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਅਕਤੂਬਰ 2015 ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਬਾਰੇ ਪੁੱਛਗਿੱਛ ਕਰ ਚੁੱਕੀ ਹੈ। ਇਸ ਕਾਰਵਾਈ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਦੌਰਾਨ ਪੰਜਾਬ ਪੁਲਿਸ ਦੀ ਕਮਾਨ ਸੁਮੇਧ ਸਿੰਘ ਸੈਣੀ ਦੇ ਹੱਥ ਵਿੱਚ ਸੀ ਅਤੇ ਗੋਲ਼ੀਕਾਂਡ ਤੋਂ ਕੁਝ ਸਮੇਂ ਬਾਅਦ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ ਸੀ।