ਫਰੀਦਕੋਟ: ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਸਆਈਟੀ ਨੇ ਅਕਤੂਬਰ 2015 ਦੌਰਾਨ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਵਾਲੇ ਦਿਨ ਐਸਐਸਪੀ ਦੀ ਕਾਰ 'ਤੇ ਹੋਈ ਫਾਇਰਿੰਗ ਬਾਰੇ ਪੰਜ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਹ ਵੀ ਪੜ੍ਹੋ- ਬਹਿਬਲ ਕਾਂਡ ਬਾਰੇ ਵੱਡਾ ਖੁਲਾਸਾ, ਪੁਲਿਸ ਨੇ ਵਰਤੇ ਸੁਖਬੀਰ ਬਾਦਲ ਦੇ ਕਰੀਬੀ ਦੇ ਹਥਿਆਰ
ਸੂਤਰਾਂ ਮੁਤਾਬਕ ਐਸਐਸਪੀ ਦੀ ਜਿਪਸੀ ਉੱਪਰ ਹੋਈ ਫ਼ਾਇਰਿੰਗ ਮਾਮਲੇ ਵਿੱਚ SIT ਨੇ ਬੀਤੇ ਦਿਨੀਂ ਤਕਰੀਬਨ ਪੰਜ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚ ਐਸਪੀ ਬਿਕਰਮਜੀਤ ਦਾ ਨਜ਼ਦੀਕੀ ਕਾਰੋਬਾਰੀ ਵੀ ਸ਼ਾਮਲ ਹੈ। ਐਸਆਈਟੀ ਮੈਂਬਰ ਤੇ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਪਾਲ ਦੀ ਅਗਵਾਈ ਵਿੱਚ ਕੀਤੀ ਗਈ ਇਸ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਤੋਂ ਪੁਲਿਸ ਲਾਇਨ ਫਰੀਦਕੋਟ ਵਿੱਚ ਤਕਰੀਬਨ ਚਾਰ ਘੰਟੇ ਸਵਾਲ-ਜਵਾਬ ਕੀਤੇ ਗਏ।
ਸਬੰਧਤ ਖ਼ਬਰ- ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ: SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤਲਬ
ਬਹਿਬਲ ਕਲਾਂ ਗੋਲ਼ੀਬਾਰੀ ਮਾਮਲੇ ਵਿੱਚ ਨਾਮਜ਼ਦ ਫਾਜ਼ਿਲਕਾ ਦੇ ਤਤਕਾਲੀ ਐਸਪੀ ਬਿਕਰਮਜੀਤ ਸਿੰਘ ਦੇ ਸੁਰੱਖਿਆ ਮੁਲਾਜ਼ਮ ਅਤੇ ਉਸ ਦੇ ਕਾਫੀ ਕਰੀਬੀ ਸਮਝੇ ਜਾਂਦੇ ਕਾਰ ਡੀਲਰ ਦੇ ਦੋ ਨਿੱਜੀ ਸੁਰੱਖਿਆ ਗਾਰਡ ਤੇ ਇੱਕ ਹੋਰ ਨਜ਼ਦੀਕੀ ਤੋਂ ਪੁੱਛਗਿੱਛ ਕੀਤੀ ਗਈ ਹੈ। ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਨੇ ਇਸ ਮਾਮਲੇ ਵਿੱਚ ਸਿਰਫ਼ ਇੰਨਾ ਦੱਸਿਆ ਕਿ ਕੁਝ ਜਣਿਆਂ ਤੋਂ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਹੈ।
ਇਹ ਵੀ ਪੜ੍ਹੋ- ਬੇਅਦਬੀ ਤੇ ਗੋਲੀ ਕਾਂਡ: ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੇ ਬਾਦਲ
ਜ਼ਿਕਰਯੋਗ ਹੈ ਕਿ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਵਿੱਚ ਬਣੀ ਐਸਆਈਟੀ ਕਾਫੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬੀਤੇ ਦਿਨ ਐਸਆਈਟੀ ਨੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਵੀ ਪੁੱਛਗਿੱਛ ਲਈ 25 ਫਰਵਰੀ ਨੂੰ ਪੇਸ਼ ਹੋਣ ਲਈ ਹਦਾਇਤ ਕੀਤੀ ਸੀ। ਉੱਧਰ, ਇਸ ਮਾਮਲੇ ਵਿੱਚ ਸਿਆਸਤ ਵੀ ਕਾਫੀ ਤੂਲ ਫੜਦੀ ਨਜ਼ਰ ਆ ਰਹੀ ਹੈ। ਬਜਟ ਇਜਲਾਸ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਸ਼ਣ ਦੌਰਾਨ ਐਸਆਈਟੀ ਬਾਰੇ ਕੀਤੀ ਟਿੱਪਣੀ ਤੋਂ ਭੜਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕਰ ਰਹੇ ਹਨ।