ਤਰਨ ਤਾਰਨ: ਪੁਲਿਸ ਨੇ ਵਿੱਕੀ ਵਰਲਡ ਗਰੋਹ ਦੇ ਤਿੰਨ ਮੈਂਬਰਾਂ ਨੂੰ ਢਾਈ ਕਿੱਲੋ ਹੈਰੋਇਨ, 1.83 ਲੱਖ ਦੀ ਨਕਦੀ ਅਤੇ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਗਰੋਹ ਨਸ਼ਾ ਤਸਕਰੀ ਦੇ ਨਾਲ-ਨਾਲ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਦਾ ਹੈ।

ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੁਲਿਸ ਰਿਕਾਰਡ ਵਿੱਚ ਨਾਮੀ ਤਸਕਰ ਵਿਕਰਮਜੀਤ ਸਿੰਘ ਉਰਫ ਵਿੱਕੀ ਵਰਲਡ ਗਰੋਹ ਦੇ ਪੰਜ ਮੈਂਬਰ ਨਾਮਜ਼ਦ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪੁਲਿਸ ਗਰੋਹ ਨੇ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਬਿਨਾਂ ਨੰਬਰ ਪਲੇਟ ਦੀ ਕਰੇਟਾ ਕਾਰ 'ਚੋਂ ਕਾਬੂ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਨਾਕਬੰਦੀ ਦੌਰਾਨ ਜਦ ਪੁਲਿਸ ਨੇ ਇਸ ਕਾਰ ਨੂੰ ਰੋਕਿਆ ਤਾਂ ਇਸ ਵਿੱਚ ਰਿਸ਼ੂ ਉਰਫ ਬਾਬਾ, ਪ੍ਰੇਮ ਸਿੰਘ ਉਰਫ ਪ੍ਰੇਮਾ ਅਤੇ ਮਨਦੀਪ ਕੌਰ ਉਰਫ ਮੀਨੂੰ ਬੈਠੇ ਹੋਏ ਸਨ। ਪੁਲਿਸ ਨੇ ਇਨ੍ਹਾਂ ਤੋਂ 12 ਕਰੋੜ 50 ਲੱਖ ਰੁਪਏ ਦੀ ਕੀਮਤ ਵਾਲੀ ਢਾਈ ਕਿੱਲੋ ਹੈਰੋਇਨ, ਦੋ ਪਿਸਟਲ, ਦੋ ਮੈਗ਼ਜ਼ੀਨ, 13 ਕਾਰਤੂਸ ਅਤੇ ਇੱਕ ਲੱਖ 83 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਉਕਤ ਮੁਲਜ਼ਮਾਂ ਤੋਂ ਇਨ੍ਹਾਂ ਦੇ ਹੋਰਾਂ ਸਾਥੀਆਂ ਬਾਰੇ ਪਤਾ ਲਾ ਰਹੀ ਹੈ।