ਚੰਡੀਗੜ੍ਹ: 31 ਦਸੰਬਰ ਦੀ ਰਾਤ ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਵਾਲਾ ਦੋਸ਼ੀ ਮੰਗਲਵਾਰ ਨੂੰ ਇੱਕ ਨਿਊਜ਼ ਚੈਨਲ ਦੇ ਦਫ਼ਤਰ ਪਹੁੰਚ ਗਿਆ। ਉੱਥੇ ਉਸ ਨੇ ਲਾਈਵ ਸ਼ੋਅ 'ਚ ਕਤਲ ਕਬੂਲ ਲਿਆ। ਚੈਨਲ 'ਤੇ ਦੋਸ਼ੀ ਨੂੰ ਦੇਖਦੇ ਹੋਏ ਪੁਲਿਸ ਵੀ ਉਥੇ ਪਹੁੰਚ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।


ਮੁਲਜ਼ਮ ਦਾ ਨਾਮ ਮਨਿੰਦਰ ਹੈ। ਇੱਕ ਜਨਵਰੀ ਨੂੰ ਸਰਬਜੀਤ ਕੌਰ (24) ਦੀ ਲਾਸ਼ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਮਿਲੀ ਸੀ। ਸਰਬਜੀਤ ਪੇਸ਼ੇ ਤੋਂ ਇੱਕ ਨਰਸ ਸੀ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਸਰਬਜੀਤ 31 ਦਸੰਬਰ ਨੂੰ ਮਨਿੰਦਰ ਨਾਮੀ ਨੌਜਵਾਨ ਨਾਲ ਹੋਟਲ ਆਇਆ ਸੀ। ਮਨਿੰਦਰ ਨੇ ਹੋਟਲ ਦੇ ਕਮਰੇ 'ਚ ਸਰਬਜੀਤ ਦਾ ਕਤਲ ਕਰ ਦਿੱਤਾ ਸੀ। ਉਦੋਂ ਤੋਂ ਹੀ ਮੁਲਜ਼ਮ ਫਰਾਰ ਸੀ।

ਮੰਗਲਵਾਰ ਰਾਤ ਨੂੰ ਦੋਸ਼ੀ ਮਨਿੰਦਰ ਚੰਡੀਗੜ੍ਹ ਦੇ ਟੀਵੀ ਚੈਨਲ ਦੇ ਦਫਤਰ ਪਹੁੰਚਿਆ ਤੇ ਕਿਹਾ ਕਿ ਉਸ ਨੇ ਕਤਲ ਦਾ ਜੁਰਮ ਕਬੂਲ ਕਰਨਾ ਹੈ। ਐਂਕਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਪਰ ਜਦੋਂ ਸ਼ੋਅ ਟੀਵੀ 'ਤੇ ਚੱਲਿਆ, ਤਾਂ ਪੁਲਿਸ ਤੁਰੰਤ ਚੈਨਲ ਦੇ ਦਫ਼ਤਰ ਪਹੁੰਚ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਕਾਤਲ ਮਨਿੰਦਰ ਨੇ ਦੱਸਿਆ ਕਿ ਉਹ ਹੋਟਲ ਵਿੱਚ ਨਵਾਂ ਸਾਲ ਮਨਾਉਣ ਗਏ ਸਨ। ਰਾਤ ਨੂੰ ਸਰਬਜੀਤ ਨੂੰ ਇਕ ਲੜਕੇ ਦਾ ਫੋਨ ਆਇਆ। ਇਸ ਤੋਂ ਬਾਅਦ ਸਾਡੇ ਵਿਚਕਾਰ ਬਹਿਸ ਹੋ ਗਈ। ਮਨਿੰਦਰ ਨੇ ਕਿਹਾ ਕਿ ਬਹਿਸ ਇੰਨੀ ਵੱਧ ਗਈ ਸੀ ਕਿ ਮੈਂ ਗੁੱਸੇ ਨਾਲ ਸਰਬਜੀਤ ਦਾ ਗਲਾ ਘੁੱਟ ਦਿੱਤਾ ਤੇ ਫਿਰ ਉਸਨੇ ਚਾਕੂ ਨਾਲ ਉਸਦੇ ਗਲ਼ੇ ਨੂੰ ਵੱਢ ਸੁੱਟਿਆ।

2010 ਵਿੱਚ ਵੀ ਮਨਿੰਦਰ ਨੇ ਇਕ ਲੜਕੀ ਦਾ ਕਤਲ ਕੀਤਾ ਸੀ। ਉਦੋਂ ਵੀ ਉਸ ਨੂੰ ਆਪਣੀ ਪ੍ਰੇਮਿਕਾ 'ਤੇ ਸ਼ੱਕ ਸੀ। ਉਸ ਨੂੰ ਕਰਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਫਿਰ ਉਸ ਨੂੰ ਸਜ਼ਾ ਸੁਣਾਈ ਗਈ ਸੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਮਨਿੰਦਰ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਉਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਉਦੋਂ ਤੋਂ ਫਰਾਰ ਸੀ।