ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ (37th Anniversary of Operation Blue Star) ਸਬੰਧੀ ਅੱਜ ਸ਼੍ਰੋਮਣੀ ਕਮੇਟੀ (Shiromani Committee) ਵੱਲੋਂ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦਾ ਭੋਗ ਛੇ ਜੂਨ ਨੂੰ ਪਵੇਗਾ। ਇਸ ਉਪਰੰਤ ਘੱਲੂਘਾਰਾ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋਵੇਗਾ ਜਿਸ ਵਿੱਚ ਸਿੰਘ ਸਾਹਿਬਾਨ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।


ਉਧਰ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਦੇ ਮੱਦੇਨਜ਼ਰ ਗੁਰੂ ਨਗਰੀ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਸਾਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ਤੇ ਸੁਰੱਖਿਆ ਪ੍ਰਬੰਧਾਂ ਲਈ ਲਗਪਗ 7 ਹਜ਼ਾਰ ਪੁਲਿਸ ਕਰਮੀ ਤਾਇਨਾਤ ਕੀਤੇ ਹਨ। ਸ਼ਹਿਰ ਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਆਉਣ-ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸਮੇਤ ਆਲੇ-ਦੁਆਲੇ ਨਿਗਰਾਨੀ ਰੱਖਣ ਵਾਸਤੇ ਸਾਦਾ ਵਰਦੀ ’ਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ।




ਪੁਲਿਸ ਦੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਹਿਰ ਦੇ ਬਾਹਰ ਤੇ ਅੰਦਰੂਨੀ ਇਲਾਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ- ਦੁਆਲੇ ਸਾਰੇ ਰਸਤਿਆਂ ਵਿੱਚ ਸੀਲਿੰਗ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਸਥਾਨਕ ਪੁਲਿਸ ਤੋਂ ਇਲਾਵਾ ਪੰਜਾਬ ਆਰਮਡ ਪੁਲਿਸ, ਸਪੈਸ਼ਲ ਕਮਾਂਡੋ, ਸਵੈਟ ਟੀਮਾਂ ਨਾਲ ਦਿਨ ਤੇ ਰਾਤ 24 ਘੰਟੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਸ਼ਹਿਰ ਦੇ ਭੀੜੇ ਬਾਜ਼ਾਰਾਂ ਵਿੱਚ ਪੈਦਲ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ।


ਉਨ੍ਹਾਂ ਦੱਸਿਆ ਕਿ ਸ਼ਾਮ ਵੇਲੇ ਸਪੈਸ਼ਲ ਕਮਾਂਡੋ, ਸਵੈਟ ਟੀਮ ਤੇ ਸਥਾਨਕ ਪੁਲੀਸ ਨੇ ਹਾਲ ਗੇਟ ਤੋਂ ਗੋਲ ਹੱਟੀ ਚੌਕ ਤੇ ਦਰਬਾਰ ਸਾਹਿਬ ਤੇ ਗਲਿਆਰਾ ਰਸਤੇ ਕਟੜਾ ਜੈਮਲ ਸਿੰਘ ਤੇ ਗੁਰੂ ਬਾਜ਼ਾਰ ਵਿੱਚ ਫਲੈਗ ਮਾਰਚ ਕੀਤਾ ਗਿਆ। ਸ਼ੱਕੀ ਵਿਅਕਤੀਆਂ ਦੀ ਸਰਾਵਾਂ, ਗੈਸਟ ਹਾਊਸ, ਹੋਟਲਾਂ ਆਦਿ ਵਿੱਚ ਭਾਲ ਕੀਤੀ ਗਈ ਤੇ ਹੋਟਲਾਂ ਵਿੱਚ ਯਾਤਰੂਆਂ ਦੀ ਆਮਦ ਸਬੰਧੀ ਰਜਿਸਟਰ ਚੈੱਕ ਕੀਤੇ ਗਏ।


ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਵਾਸਤੇ ਲਗਪਗ 7 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 4500 ਜਵਾਨ ਸਥਾਨਕ ਪੁਲਿਸ ਦੇ ਤੇ 2500 ਜਵਾਟ ਸਪੈਸ਼ਲ ਕਮਾਂਡੋ, ਪੀਏਪੀ ਜਵਾਨ, ਬਾਰਡਰ ਰੇਂਜ ਦੇ ਜ਼ਿਲ੍ਹਿਆਂ ਦੀ ਪੁਲੀਸ ਤੇ ਸਵੈਟ ਟੀਮ ਦੇ ਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚ ਅੱਥਰੂ ਗੈਸ ਦੀਆਂ ਟੀਮਾਂ ਵੀ ਸ਼ਾਮਲ ਹਨ।


ਇਹ ਵੀ ਪੜ੍ਹੋ: WhatsApp ਛੇਤੀ ਲਾਂਚ ਕਰੇਗਾ ਡਿਸਅਪੀਅਰਿੰਗ ਮੋਡ ਸਮੇਤ ਕਈ ਸ਼ਾਨਦਾਰ ਫ਼ੀਚਰਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904