ਚੰਡੀਗੜ੍ਹ: ਆਮ ਆਦਮੀ ਪਾਰਟੀ (AAP Punjab) ’ਚੋਂ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਆਪਣੇ ਦੋ ਸਾਥੀ ਵਿਧਾਇਕ ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਸਣੇ ਵੀਰਵਾਰ ਨੂੰ ਕਾਂਗਰਸ ਪਾਰਟੀ (Punjab Congress) ’ਚ ਸ਼ਾਮਲ ਹੋ ਗਏ। ਦਿੱਲੀ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਤਿੰਨੇ ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਤਿੰਨੇ ਵਿਧਾਇਕਾਂ ਨੇ ਸਪੀਕਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਕਾਂਗਰਸ ਦੇ ਅੰਦਰੂਨੀ ਕਲੇਸ਼ ਵੇਲੇ ਕੈਪਟਨ ਦੇ ਇਸ ਦਾਅ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਇਸ ਨੂੰ ਕੈਪਟਨ ਦੇ ਇੱਕ ਤੀਰ ਨਾਲ ਕਈ ਨਿਸ਼ਾਨੇ ਵਜੋਂ ਵੀ ਵੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਮੁਤਾਬਕ ਹਫ਼ਤੇ ਤੋਂ ਅਜਿਹੀਆਂ ਕਿਆਸਅਰਾਈਆਂ ਲੱਗ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਵਿੱਚ ਜਾਣਗੇ। ਇਸੇ ਦੌਰਾਨ ਕਾਂਗਰਸ ਵਿੱਚ ਅੰਦਰੂਨੀ ਕਾਟੋ-ਕਲੇਸ਼ ਖ਼ਤਮ ਕਰਨ ਲਈ 3 ਮੈਂਬਰੀ ਕਮੇਟੀ ਬਣ ਗਈ। ਇਸੇ ਲਈ ਮੀਟਿੰਗਾਂ ਦਾ ਦੌਰ ਖ਼ਤਮ ਹੋਣ ਦੀ ਉਡੀਕ ਕੀਤੀ; ਤਾਂ ਜੋ ਵਿਰੋਧੀ ਸੁਰ ਹੋਰ ਤਿੱਖੀ ਨਾ ਹੋਵੇ ਤੇ ਹਾਈਕਮਾਨ ਨੂੰ ਵੀ ਆਪਣੀ ਪਕੜ ਦਾ ਸੁਨੇਹਾ ਦੇ ਸਕਣ।
ਕੈਪਟਨ ਨੇ ਇਹ ਸੰਕੇਤ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਆਪਣੀ ਪਾਰਟੀ ਹੀ ਨਹੀਂ, ਸਗੋਂ ਹੋਰਨਾਂ ਪਾਰਟੀਆਂ ’ਚ ਮਜ਼ਬੂਤ ਪ੍ਰਭਾਵ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਹੋਰਨਾਂ ਪਾਰਟੀਆਂ ਵਿੱਚ ਵੀ ਤੋੜ-ਭੰਨ ਕਰਵਾ ਕੇ ਆਪਣੀ ਪਾਰਟੀ ਨੂੰ ਸੱਤਾ ’ਚ ਵਾਪਸ ਲਿਆ ਸਕਦੇ ਹਨ। ਪੰਜਾਬ ਦੀ ਸਿਆਸਤ ਦੇ ਅਸਲੀ ਕੈਪਟਨ ਉਹੀ ਹਨ, ਉਨ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ।
ਵਿਧਾਇਕਾਂ ਦੇ ਕਾਂਗਰਸ ਵਿੱਚ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਹੀ ਨਹੀਂ, ਸਗੋਂ ਕੈਪਟਨ ਦੇ ਅੰਦਰੂਨੀ ਵਿਰੋਧੀਆਂ ਨੂੰ ਵੀ ਝਟਕਾ ਲੱਗਾ ਹੈ। ਖਹਿਰਾ ਨੂੰ ਪਾਰਟੀ ’ਚ ਲਿਆ ਕੇ ਕੈਪਟਨ ਨੇ ਕੁਝ ਵਧੇਰੇ ਬੋਲਣ ਵਾਲੇ ਆਗੂਆਂ ਨੂੰ ਇਹ ਸੁਨੇਹਾ ਦੇਣ ਦਾ ਜਤਨ ਕੀਤਾ ਹੈ ਕਿ ਵਿਰੋਧੀ ਸੁਰ ਅਪਨਾਉਣ ’ਤੇ ਉਨ੍ਹਾਂ ਦੇ ਬਦਲ ਵਜੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਆਮਦ ਵੀ ਹੋ ਸਕਦੀ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਖਹਿਰਾ ਨੇ ਕੈਪਟਨ ਦਾ ਖੁੱਲ੍ਹਾ ਵਿਰੋਧ ਕੀਤਾ ਸੀ। ਦਸੰਬਰ 2017 ਨੂੰ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਉੱਤੇ ਸੁਆਲ ਉਠਾਏ ਸਨ। ਖਹਿਰਾ ਨੇ ਲਿਖਿਆ ਸੀ ਕਿ ਪਾਕਿਸਤਾਨ ਦੀ ਰੱਖਿਆ ਮਾਮਲਿਆਂ ਦੀ ਵਿਸ਼ਲੇਸ਼ਕ ਅਰੂਸਾ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ’ਚ ਰਹਿਣ ਦੇਣ ਤੇ ਪਾਰਟੀਆਂ ਕਰਨ ਬਦਲੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਖਹਿਰਾ ਨੇ ਜਨਵਰੀ 2019 ’ਚ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ‘ਪੰਜਾਬ ਏਕਤਾ ਪਾਰਟੀ’ ਬਣਾਈ ਸੀ।
ਤਦ ਆਮ ਆਦਮੀ ਪਾਰਟੀ ਨੇ ਦਲ-ਬਦਲੀ ਵਿਰੋਧੀ ਕਾਨੂੰਨ ਅਧੀਨ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਪੀਕਰ ਤੋਂ ਮੰਗ ਕੀਤੀ ਸੀ। ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਖਹਿਰਾ ਉੱਤੇ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ। ਸਾਲ 2015 ’ਚ ਉਨ੍ਹਾਂ ਉੱਤੇ ਨਸ਼ਿਆਂ ਦੀ ਸਮੱਗਲਿੰਗ ਕਰਨ ਦੇ ਦੋਸ਼ ਲੱਗੇ ਸਨ।
ਇਹ ਵੀ ਪੜ੍ਹੋ: BJP in West Bengal: ਪੱਛਮੀ ਬੰਗਾਲ 'ਚ ਬੀਜੇਪੀ ਨੂੰ ਖਤਰਾ! 33 ਵਿਧਾਇਕ ‘ਤ੍ਰਿਣਮੂਲ ਕਾਂਗਰਸ’ ’ਚ ਪਰਤਣ ਤਿਆਰ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin