ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਵਿੱਚ ਸੂਬਾ ਇਕਾਈ ਵਿੱਚ ਚੱਲ ਰਹੇ ਮਤਭੇਦ ਦੇ ਵਿਚਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarider Singh) ਸ਼ੁੱਕਰਵਾਰ ਨੂੰ ਦਿੱਲੀ ਵਿੱਚ ਬਣੀ ਪਾਰਟੀ ਦੇ ਪੈਨਲ (Congress Penal) ਨੂੰ ਮਿਲਣਗੇ ਅਤੇ ਆਪਣਾ ਪੱਖ ਰੱਖਣਗੇ। ਇਸ ਤੋਂ ਪਹਿਲਾਂ ਕੱਲ੍ਹ ਉਨ੍ਹਾਂ ਨੇ ਰਾਤ ਦੇ ਖਾਣੇ 'ਤੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਮੇਟੀ ਨੂੰ ਮਿਲਣ ਤੋਂ ਬਾਅਦ ਅਮਰਿੰਦਰ ਸਿੰਘ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨਾਲ ਡਿਜੀਟਲ ਮੀਟਿੰਗ ਵੀ ਕਰ ਸਕਦੇ ਹਨ।
ਦੱਸ ਦਈਏ ਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ ਚਾਰ ਦਿਨਾਂ ਵਿੱਚ ਪੰਜਾਬ ਤੋਂ 100 ਤੋਂ ਵੱਧ ਨੇਤਾਵਾਂ ਦੀ ਰਾਏ ਲਈ ਹੈ। ਉਨ੍ਹਾਂ ਚੋਂ ਬਹੁਤੇ ਵਿਧਾਇਕ ਹਨ।
ਕਮੇਟੀ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪੇਗੀ
ਕਮੇਟੀ ਦੇ ਪੂਰੇ ਅਭਿਆਸ ਤੋਂ ਜਾਣੂ ਇੱਕ ਸੂਤਰ ਨੇ ਕਿਹਾ, “ਕਮੇਟੀ ਨੇ ਸੋਮਵਾਰ ਤੋਂ ਵੀਰਵਾਰ ਤੱਕ 100 ਤੋਂ ਵੱਧ ਨੇਤਾਵਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦਾ ਇਹ ਦੌਰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਖ਼ਤਮ ਹੋਵੇਗਾ। ਇਸ ਤੋਂ ਬਾਅਦ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪੇਗੀ।”
ਖੜਗੇ ਤੋਂ ਇਲਾਵਾ ਕਾਂਗਰਸ ਦੇ ਜਨਰਲ ਸੱਕਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ (Harish Rawat) ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਜੇਪੀ ਅਗਰਵਾਲ ਇਸ ਕਮੇਟੀ ਵਿੱਚ ਸ਼ਾਮਲ ਹਨ।
ਸਿੱਧੂ ਸਣੇ ਪੰਜਾਬ ਦੇ ਕਈ ਮੰਤਰੀਆਂ ਨੇ ਖੋਲ੍ਹਿਆ ਮੋਰਚਾ
ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਹਫਤਿਆਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ (Navjot SIngh Sidhu) ਦਰਮਿਆਨ ਤਿੱਖੀ ਬਿਆਨਬਾਜ਼ੀ ਹੋਈ ਹੈ। ਵਿਧਾਇਕ ਪਰਗਟ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਕੁਝ ਹੋਰ ਨੇਤਾਵਾਂ ਨੇ ਵੀ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਿੱਧੂ ਮੰਗਲਵਾਰ ਨੂੰ ਇਸ ਕਮੇਟੀ ਨੂੰ ਮਿਲੇ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਕਮੇਟੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ “ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਇਸ ਨੂੰ ਹਰਾਇਆ ਨਹੀਂ ਜਾ ਸਕਦਾ।”
ਕਾਂਗਰਸ ਹਾਈਕਮਾਨ ਚੋਣਾਂ ਤੋਂ ਪਹਿਲਆਂ ਇਸ ਕਲੇਸ਼ ਨੂੰ ਖ਼ਤਮ ਕਰਕੇ ਸਿੱਧੂ ਨੂੰ ਸਰਕਾਰ ਜਾਂ ਪਾਰਟੀ 'ਚ ਅਹਿਮ ਅਹੂਦਾ ਦੇਣ ਦੇ ਪਖ 'ਚ ਹੈ ਤਾਂ ਜੋ ਚੋਣਾਂ ਵਿੱਚ ਅਮਰਿੰਦਰ ਦੇ ਨਾਲ ਸਿੱਧੂ ਦੀ ਲੋਕਪ੍ਰਿਅਤਾ ਦਾ ਪਾਰਟੀ ਨੂੰ ਫਾਇਦਾ ਮਿਲ ਸਕੇ।
ਕਾਂਗਰਸ ਕਰ ਰਹੀ ਹੈ ਉਪ ਮੁੱਖ ਮੰਤਰੀ ਬਣਾਉਣ ਦੇ ਫਾਰਮੂਲੇ ‘ਤੇ ਵਿਚਾਰ
ਇਸ ਦੌਰਾਨ ਇਹ ਚਰਚਾ ਹੈ ਕਿ ਸਿੱਧੂ ਨੂੰ ਸਰਕਾਰ ਵਿੱਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਕਰਨ ਅਤੇ ਉਨ੍ਹਾਂ ਦੇ ਨਾਲ ਇੱਕ ਹਿੰਦੂ ਦਲਿਤ ਨੂੰ ਮੰਤਰੀਮੰਡਲ 'ਚ ਸ਼ਾਮਲ ਕਰਨ ਲਈ ਇੱਕ ਫਾਰਮੂਲੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਹੀ ਹਾਈ ਕਮਾਨ ਨੂੰ ਆਪਣਾ ਪੱਖ ਦੱਸ ਚੁੱਕੇ ਹਨ ਕਿ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸਿੱਖ ਨੂੰ ਸੌਂਪਣਾ ਕੋਈ ਚੰਗੀ ਨਿਸ਼ਾਨੀ ਨਹੀਂ ਹੋਵੇਗੀ, ਕਿਉਂਕਿ ਮੁੱਖ ਮੰਤਰੀ ਖੁਦ ਇਸ ਸਮਾਜ ਚੋਂ ਹਨ ਅਤੇ ਹਿੰਦੂ ਭਾਈਚਾਰੇ ਦੀ ਵੀ ਨੁਮਾਇੰਦਗੀ ਕਰਨੀ ਪਵੇਗੀ।
ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਜ਼ਰੀਏ ਕਾਂਗਰਸ ਹਾਈ ਕਮਾਂਡ ਰਾਜਨੀਤਿਕ ਸਮੀਕਰਨ ਦੇ ਨਾਲ-ਨਾਲ ਸਮਾਜਿਕ ਸਮੀਕਰਨ ਦੇ ਹੱਲ ਲਈ ਕਦਮ ਚੁੱਕ ਸਕਦੀ ਹੈ।
ਇਹ ਵੀ ਪੜ੍ਹੋ: Missing Sunny Deol: ਨਵਜੋਤ ਸਿੱਧੂ ਤੋਂ ਬਾਅਦ ਭਾਜਪਾ ਨੇਤਾ-ਐਕਟਰ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin