ਨਵੀਂ ਦਿੱਲੀ: ਇਰਾਕ ਵਿੱਚ ਦਹਿਸ਼ਤਗਰਦ ਜਥੇਬੰਦੀ (ਆਈਐਸ) ਵੱਲੋਂ ਕਤਲ ਕੀਤੇ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਦੋ ਅਪ੍ਰੈਲ ਨੂੰ ਭਾਰਤ ਲਿਆਂਦਾ ਜਾਵੇਗਾ। ਚਾਰ ਸਾਲਾਂ ਬਾਅਦ ਮ੍ਰਿਤਕ ਐਲਾਨੇ 39 ਭਾਰਤੀਆਂ ਦੀਆਂ ਲਾਸ਼ਾਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਵਿਸ਼ੇਸ਼ ਜਹਾਜ਼ ਲੈ ਕੇ ਇਰਾਕ ਜਾਣਗੇ ਤੇ ਦੇਹਾਂ ਲੈ ਕੇ ਪਰਤਣਗੇ। ਮ੍ਰਿਤਕਾਂ ਦੇ ਵਾਰਸ ਪਹਿਲਾਂ ਤੋਂ ਹੀ ਸਰਕਾਰ ਨਾਲ ਨਾਰਾਜ਼ ਚੱਲੇ ਆ ਰਹੇ ਹਨ। ਉਨ੍ਹਾਂ ਰੋਸ ਜਤਾਇਆ ਕਿ ਸਰਕਾਰ ਨੇ ਉਨ੍ਹਾਂ ਦੇ ਬੱਚਿਆਂ ਬਾਰੇ ਉਨ੍ਹਾਂ ਨੂੰ ਪਹਿਲਾਂ ਸੂਚਿਤ ਨਹੀਂ ਦਿੱਤੀ। ਉੱਧਰ ਕਾਂਗਰਸ ਨੇ ਵੀ ਭਾਰਤੀਆਂ ਦੀ ਮੌਤ 'ਤੇ ਕਿਹਾ ਸੀ ਕਿ ਸਰਕਾਰ ਨੇ ਜਾਣਬੁੱਝ ਕੇ ਜਾਣਕਾਰੀ ਵਿੱਚ ਦੇਰੀ ਕੀਤੀ ਹੈ ਤੇ ਵਾਰਸਾਂ ਨੂੰ ਝੂਠਾ ਦਿਲਾਸਾ ਦਿੱਤਾ ਗਿਆ ਹੈ। ਸਰਕਾਰ ਨੇ ਇਸ 'ਤੇ ਇਹ ਤਰਕ ਦਿੱਤਾ ਸੀ ਕਿ ਠੋਸ ਸਬੂਤ ਤੋਂ ਬਿਨਾ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਸੀ ਕੀਤੀ ਜਾ ਸਕਦੀ। 20 ਮਾਰਚ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਭਾਰਤੀਆਂ ਨੇ ਮੌਤ ਦੀ ਜਾਣਕਾਰੀ ਦਿੱਤੀ ਸੀ। ਸੁਸ਼ਮਾ ਨੇ ਉਸੇ ਦਿਨ ਐਲਾਨ ਕਰ ਦਿੱਤਾ ਸੀ ਕਿ ਵੀ.ਕੇ. ਸਿੰਘ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਦੇਸ਼ ਲੈ ਕੇ ਆਉਣਗੇ। ਮ੍ਰਿਤਕਾਂ ਵਿੱਚ 31 ਪੰਜਾਬ, ਚਾਰ ਹਿਮਾਚਲ ਤੇ ਦੋ-ਦੋ ਬਿਹਾਰ ਤੇ ਬੰਗਾਲ ਦੇ ਹਨ। ਸਾਰੇ ਇਰਾਕ ਵਿੱਚ ਮਜ਼ਦੂਰੀ ਕਰਦੇ ਸਨ ਤੇ ਮੋਸੁਲ ਵਿੱਚ ਇਨ੍ਹਾਂ ਦੀ ਕੰਪਨੀ ਦਾ ਕੰਮ ਚੱਲ ਰਿਹਾ ਸੀ। 2014 ਵਿੱਚ ਮੋਸੁਲ 'ਤੇ ਆਈ.ਐਸ. ਨੇ ਕਬਜ਼ਾ ਕਰ ਲਿਆ ਸੀ ਤਾਂ ਸਾਰੇ ਭਾਰਤੀਆਂ ਨੂੰ ਦਹਿਸ਼ਤਗਰਦਾਂ ਨੇ ਮਾਰ ਮੁਕਾਇਆ ਸੀ।