ਬਠਿੰਡਾ: ਸ਼ਹਿਰ ਦੇ ਐਨ ਵਿਚਕਾਰੋਂ ਤਿੰਨ ਲੁਟੇਰੇ ਪਿਸਤੌਲ ਦੀ ਨੋਕ 'ਤੇ ਇੱਕ ਬਲੈਨੋ ਕਾਰ ਖੋਹ ਕੇ ਫਰਾਰ ਹੋ ਗਏ। ਕਾਰ ਮਾਲਕ ਨੇ ਜਦ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੇ ਪੈਰਾਂ ਨੂੰ ਪਿਸਤੌਲ ਸਿੰਨ੍ਹ ਕੇ ਗੋਲ਼ੀ ਚਲਾ ਦਿੱਤੀ। ਘਟਨਾ ਬਠਿੰਡਾ ਦੀ ਅਜੀਤ ਰੋਡ ਦੀ ਗਲ਼ੀ ਨੰਬਰ 8 ਵਿੱਚ ਵਾਪਰੀ ਹੈ, ਜਦਕਿ ਕਾਰ ਦੇ ਮਾਲਕ ਦਾ ਘਰ ਗਲ਼ੀ ਨੰਬਰ 6 ਵਿੱਚ ਹੈ। ਕਾਰ ਦੇ ਮਾਲਕ ਗੁਰਜੀਵਨ ਸਿੰਘ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਬਠਿੰਡਾ ਦੇ ਅਜੀਤ ਨਗਰ ਦੇ ਗਲੀ ਨੰਬਰ ਅੱਠ ਵਿੱਚ ਆਪਣੀ ਸਫੇਦ ਰੰਗ ਦੀ ਪੀ.ਬੀ. 03 ਏਵੀ 3200 ਨੰਬਰ ਬਲੈਨੋ ਕਾਰ ਪਾਰਕ ਕਰ ਰਿਹਾ ਸੀ। ਚਸ਼ਮਦੀਦ ਦੇ ਮੁਤਾਬਕ ਉਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਉਨ੍ਹਾਂ ਵਿੱਚੋਂ ਦੋ ਨੇ ਮੋਟਰਸਾਈਕਲ ਤੋਂ ਉੱਤਰ ਕੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਕਾਰ ਦੀ ਚਾਬੀ ਮੰਗੀ। ਗੁਰਜੀਵਨ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੇ ਗੁਰਜੀਵਨ ਦੇ ਪੈਰਾਂ ਵਿੱਚ ਇੱਕ ਫਾਇਰ ਕੀਤਾ ਤੇ ਕਾਰ ਖੋਹ ਕੇ ਫਰਾਰ ਹੋ ਗਏ।
ਲੁੱਟ ਦਾ ਸ਼ਿਕਾਰ ਹੋਇਆ ਗੁਰਜੀਵਨ ਸਿੰਘ ਸਕੂਲੀ ਵਿਦਿਆਰਥੀ ਹੈ। ਉਹ ਇੱਥੇ ਸਥਿਤ ਈ-ਸਕੂਲ ਵਿੱਚ ਆਈਲੈਟਸ ਦੀ ਸਿਖਲਾਈ ਲੈ ਰਿਹਾ ਹੈ ਤੇ ਇਸੇ ਲਈ ਉਸ ਨੇ ਨੇੜੇ ਆਪਣੀ ਕਾਰ ਪਾਰਕ ਕੀਤੀ ਸੀ। ਦੂਜੇ ਪਾਸੇ, ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਆਪਣੇ ਘਰ ਤੋਂ ਦੋ ਗਲ਼ੀਆਂ ਲੰਘ ਕੇ 6 ਨੰਬਰ ਗਲ਼ੀ ਵਿੱਚ 'ਗੇੜੀ' ਲਾਉਣ ਆਇਆ ਸੀ। ਪੁਲਿਸ ਨੇ ਚਾਰ ਚੁਫੇਰੇ ਨਾਕਾਬੰਦੀ ਕਰ ਦਿੱਤੀ ਹੈ ਤੇ ਘਟਨਾ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਸੀਸੀਟੀਵੀ ਵਿੱਚ ਤਿੰਨ ਮੋਟਰਸਾਈਕਲ ਸਵਾਰ ਆਉਂਦੇ ਸਾਫ ਦਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚੋਂ ਦੋ ਦੇ ਪੱਗ ਬੰਨ੍ਹੀ ਹੋਈ ਹੈ ਜਦਕਿ ਇੱਕ ਦੇ ਵਾਲ਼ ਕੱਟੇ ਹੋਏ ਵਿਖਾਈ ਦੇ ਰਹੇ ਹਨ। ਥਾਣਾ ਸਿਵਲ ਲਾਈਨਜ਼ ਦੇ ਮੁਖੀ ਕੁਲਦੀਪ ਭੁੱਲਰ ਨੇ ਲੁਟੇਰਿਆਂ ਨੂੰ ਜਲਦੀ ਫੜਨ ਦਾ ਦਾਅਵਾ ਕੀਤਾ ਹੈ।