ਬਠਿੰਡਾ: ਇੱਥੋਂ ਦੀ ਪੁਲਿਸ ਨੇ ਬੁੱਢਾ ਗਰੁੱਪ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਕਾਬਲੇ ਦੌਰਾਨ ਇਨ੍ਹਾਂ ਗੈਂਗਸਟਰਾਂ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਬਦਮਾਸ਼ਾਂ ਦਾ ਮੁਖੀ ਫਰਾਰ ਹੋਣ ਵਿੱਚ ਸਫਲ ਹੋ ਗਿਆ ਪਰ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਵੀ ਜ਼ਬਤ ਕੀਤੇ ਹਨ।

ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੁੱਢਾ ਗਰੁੱਪ ਦਾ ਗੈਂਗਸਟਰ ਜਾਮਨ ਆਪਣੇ ਸਾਥੀਆਂ ਨਾਲ ਮਾਨਸਾ ਰੋਡ 'ਤੇ ਜਾ ਰਿਹਾ ਹੈ। ਸੀਆਈਏ-1 ਦੀ ਟੀਮ ਨੇ ਇਨ੍ਹਾਂ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਿਸ 'ਤੇ ਗੋਲ਼ੀ ਚਲਾ ਦਿੱਤੀ।

ਦੋਵਾਂ ਪਾਸੋਂ ਚੱਲੀ ਗੋਲ਼ੀਬਾਰੀ ਵਿੱਚ ਪੁਲਿਸ ਨੇ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਗੈਂਗਸਟਰ ਬੁੱਢਾ ਦਾ ਸਾਥੀ ਜਾਮਨ ਫਰਾਰ ਹੋ ਗਿਆ। ਜਾਮਨ ਆਪਣੇ ਪਿਤਾ ਦੇ ਕਤਲ ਸਮੇਤ ਹੋਰ ਕਈ ਵਾਰਦਾਤਾਂ ਵਿੱਚ ਸ਼ਾਮਿਲ ਹੈ। ਮਾਮਲੇ ਬਾਰੇ ਵਿਸਥਾਰਤ ਜਾਣਕਾਰੀ ਬਠਿੰਡਾ ਦੇ ਐਸਐਸਪੀ ਭਲਕੇ ਯਾਨੀ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੇਣਗੇ।