ਗੁਰਦਾਸਪੁਰ: ਵਿਜੀਲੈਂਸ ਟੀਮ ਨੇ ਪਿੰਡ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ SMO ਸਮੇਤ ਐਂਬੂਲੈਂਸ ਦੇ ਡਰਾਈਵਰ ਤੱਕ ਗੈਰ ਹਾਜ਼ਰ ਸਨ। ਹਸਪਤਾਲ ਵਿੱਚ ਡਾਕਟਰ ਤੇ ਕਲੈਰੀਕਲ ਸਟਾਫ ਸਮੇਤ 54 ਕਰਮਚਾਰੀ ਹਨ ਪਰ ਮੌਕੇ 'ਤੇ 42 ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਦਰਅਸਲ ਪਠਾਨਕੋਟ ਦੇ ਸਰਹੱਦੀ ਇਲਾਕੇ ਨਰੋਟ ਜੈਮਲ ਸਿੰਘ ਵਿੱਚ 54 ਕਰਮੀਆਂ ਵਾਲੇ ਸਰਕਾਰੀ ਹਸਪਤਾਲ ਵਿੱਚ ਜਦੋਂ ਵਿਜੀਲੈਂਸ ਦੀ ਟੀਮ ਨੇ ਸਵੇਰੇ 8.10 ਵਜੇ ਛਾਪਾ ਮਾਰਿਆ ਤਾਂ SMO ਸਮੇਤ ਕੁੱਲ 42 ਲੋਕ ਗੈਰ ਹਾਜ਼ਰ ਸਨ। ਸਿਰਫ 12 ਲੋਕ ਹੀ ਉੱਥੇ ਮੌਜੂਦ ਸਨ। ਉਹ ਵੀ 15 ਮਿੰਟ ਲੇਟ ਆਏ ਸਨ।
ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਿਆ। ਉੱਥੇ ਹੀ ਜਦੋਂ ਵਿਜੀਲੈਂਸ ਦੀ ਟੀਮ ਮੌਕੇ ਤੋਂ ਚਲੀ ਗਈ ਤਾਂ ਐਸ.ਐਮ.ਓ. ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਚੈਕਿੰਗ ਦੇ ਲਈ ਗਏ ਹੋਏ ਸਨ। ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡਾਕਟਰ ਆਮ ਤੌਰ 'ਤੇ ਲੇਟ ਹੀ ਆਉਂਦੇ ਹਨ।