ਲੁਧਿਆਣਾ: ਮਾਛੀਵਾੜ ਦੇ ਕਰੀਬੀ ਮਹਿਦੀਪੁਰ ਵਿੱਚ ਅਵਾਰਾ ਪਸ਼ੂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੁਰਦੁਆਰੇ ਦੇ 20 ਸਾਲਾ ਗ੍ਰੰਥੀ ਦਾ ਕਤਲ ਕਰ ਦਿੱਤਾ ਗਿਆ। ਇਸ ਝਗੜੇ ਵਿੱਚ ਛੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ।
ਮ੍ਰਿਤਕ ਦੀ ਮਾਂ ਛਿੰਦਰ ਕੌਰ ਮੁਤਾਬਕ ਕੁਝ ਦਿਨ ਪਹਿਲਾਂ ਮੁਲਜ਼ਮ ਬੁੱਧ ਸਿੰਘ ਨੇ ਆਪਣੀ ਗਉ ਨੂੰ ਬਾਹਰ ਛੱਡ ਦਿੱਤਾ। ਗਉ ਕਈ ਵਾਰ ਉਨ੍ਹਾਂ ਦੇ ਘਰ ਅੱਗੇ ਆ ਕੇ ਗੋਬਰ ਕਰ ਦਿੰਦੀ ਸੀ। ਜਦੋਂ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਦੋਹਾਂ ਧਿਰਾਂ ਵਿੱਚ ਲੜਾਈ ਹੋਣ ਲੱਗੀ। ਉਸ ਵੇਲੇ ਮੁਲਜ਼ਮ ਪੱਖ ਦੇ ਦਰਜਨ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਨੂੰ ਘੇਰ ਲਿਆ ਤੇ ਉਸ ਦੀ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ।
ਉਨ੍ਹਾਂ ਦੱਸਿਆ ਕਿ ਗੁਰਦੀਪ ਦਾ ਕੋਈ ਦੋਸ਼ ਵੀ ਨਹੀਂ ਸੀ। ਉਹ ਤਾਂ ਦੁੱਧ ਲੈਣ ਲਈ ਜਾ ਰਿਹਾ ਸੀ। ਉੱਥੇ ਹੀ ਮਾਛੀਵਾੜਾ ਦੇ ਪੁਲਿਸ ਅਫਸਰ ਅਮਰਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜ਼ਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।