ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਹੁਣ ਵਿਧਾਨ ਸਭਾ ਸੈਸ਼ਨ 8 ਤੋਂ 14 ਸਤੰਬਰ ਤੱਕ ਹੋਵੇਗਾ।

 

ਵਿਧਾਨ ਸਭਾ ਸੈਸ਼ਨ ਦੌਰਾਨ ਜੀਐਸਟੀ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਵਿਧਾਨ ਸਭਾ ਵੱਲੋਂ ਗੁਡਜ਼ ਐਂਡ ਸਰਵਿਸਜ਼ ਟੈਕਸ ਦਾ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦੇਸ਼ ਦੀਆਂ 18 ਵਿਧਾਨ ਸਭਾਵਾਂ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਬਿੱਲ ਨੂੰ ਕਾਨੂੰਨ ਦੇ ਰੂਪ 'ਚ ਮਨਜ਼ੂਰੀ ਦੇਣਗੇ।

 

ਕੈਬਨਿਟ ਨੇ ਪੁਲਿਸ ਦੀ ਭਰਤੀ 'ਚ ਖਿਡਾਰੀਆਂ ਨੂੰ ਤਿੰਨ ਸਾਲ ਦੀ ਉਮਰ ਦੀ ਰਿਆਇਤ ਦਿੱਤੀ ਹੈ। ਇਸ ਨਾਲ ਵੱਡੇ ਉਮਰ ਵਾਲੇ ਖ਼ਿਡਾਰੀਆਂ ਨੂੰ ਪੁਲਿਸ 'ਚ ਭਰਤੀ ਹੋਣ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਤਕਨੀਕੀ ਸਿੱਖਿਆ ਵਿਭਾਗ ਦੀਆਂ ਕੁਝ ਅਸਾਮੀਆਂ ਨੂੰ ਬਦਲਿਆ ਗਿਆ ਹੈ। ਸਾਬਕਾ ਫੌਜੀਆਂ ਨੂੰ ਸਰਕਾਰੀ ਨੌਕਰੀਆਂ 'ਚ ਪੂਰਾ ਕੋਟਾ ਦੇਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਨੇ ਜਡਿਆਲਾ ਗੁਰੂ ਨੂੰ ਸਬ ਤਹਿਸੀਲ ਦਾ ਵੀ ਦਰਜਾ ਦਿੱਤਾ ਗਿਆ ਹੈ।