ਗੁਰਦਾਸਪੁਰ: ਸਖ਼ਤੀ ਦੇ ਬਾਵਜੂਦ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਦੀ ਤਸਕਰੀ ਜਾਰੀ ਹੈ। ਮੰਗਲਵਾਰ ਰਾਤ ਪਾਕਿਸਤਾਨ ਤੋਂ ਫਿਰ ਹੈਰੋਇਨ ਦੀ ਖੇਪ ਪਹੁੰਚੀ ਪਰ ਬੀ.ਐਸ.ਐਫ. ਦੀ ਚੌਕਸੀ ਕਰਕੇ ਇਹ ਕੋਸ਼ਿਸ਼ ਅਸਫਲ ਹੋ ਗਈ।


ਦਰਅਸਲ ਭਾਰਤ-ਪਾਕਿ ਸਰਹੱਦ 'ਤੇ ਗੁਰਦਾਸਪੁਰ ਸੈਕਟਰ ਵਿੱਚ ਬੀ.ਐਸ.ਐਫ. ਵੱਲੋਂ ਪੰਜ ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ-ਪਾਕਿ ਸਰਹੱਦ 'ਤੇ ਸਥਿਤ ਭਾਰਤੀ ਬੀ.ਓ.ਪੀ. ਚਾਉਤਾ ਕੋਲ ਬੀ.ਐਸ.ਐਫ. ਦੇ ਜਵਾਨਾਂ ਨੋ ਨਾਈਟ ਵੀਜ਼ਨ ਕੈਮਰਿਆਂ ਵਿੱਚ ਕੰਡਿਆਲੀ ਤਾਰ ਕੋਲ ਕੁਝ ਹਿੱਲਜੁਲ ਵੇਖੀ। ਬੀ.ਐਸ.ਐਫ. ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ।

ਫਾਇਰਿੰਗ ਹੁੰਦਿਆਂ ਹੀ ਪਾਕਿਸਤਾਨੀ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਸਵੇਰ ਹੁੰਦਿਆਂ ਹੀ ਬੀ.ਐਸ.ਐਫ. ਨੇ ਜਦੋਂ ਤਲਾਸ਼ੀ ਲਈ ਤਾਂ ਪੰਜ ਪੈਕਟ ਹੈਰੋਇਨ ਬਰਾਮਦ ਹੋਈ। ਹੈਰੋਇਨ ਦਾ ਵਜ਼ਨ ਪੰਜ ਕਿੱਲੋ ਦੱਸਿਆ ਜਾ ਰਿਹਾ ਹੈ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਹੈ।