ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀ 15 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਕੀਤੀ ਜਾਏਗੀ।


ਇਹ ਕਮੇਟੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ, ਪੰਜਾਬੀ ਅਕੈਡਮੀ ਦਿੱਲੀ ਤੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੀਆਂ ਪੰਥਕ ਸੰਸਥਾਵਾਂ ਤੇ ਪੰਥਕ ਹਸਤੀਆਂ ਨਾਲ ਤਾਲਮੇਲ ਕਰੇਗੀ ਤਾਂ ਕਿ ਨਾਨਕ ਨਾਮ ਲੇਵਾ ਸੰਗਤ, ਆਪ ਵਲੰਟੀਅਰਾਂ ਤੇ ਆਗੂਆਂ ਦੀਆਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਮੂਲੀਅਤ ਤੇ ਸਰਗਰਮੀਆਂ ਵੱਧ ਚੜ੍ਹ ਕੇ ਹੋ ਸਕਣ।


ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕਮੇਟੀ 'ਚ ਉਨ੍ਹਾਂ ਸਮੇਤ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ, ਜਮੀਲ-ਉਰ-ਰਹਿਮਾਨ, ਪਾਰਟੀ ਦੇ ਬੁਲਾਰੇ ਗੋਬਿੰਦਰ ਮਿੱਤਲ, ਸੀਨੀਅਰ ਆਗੂ ਸੁਰੇਸ਼ ਗੋਇਲ (ਲੁਧਿਆਣਾ), ਸਤਵਿੰਦਰ ਸਿੰਘ ਜੌਹਲ (ਅੰਮ੍ਰਿਤਸਰ), ਚੰਨ ਸਿੰਘ ਖ਼ਾਲਸਾ (ਗੁਰਦਾਸਪੁਰ), ਦਲਬੀਰ ਸਿੰਘ ਟੌਂਗ ਬਾਬਾ ਬਕਾਲਾ, ਗੁਰਬਿੰਦਰ ਸਿੰਘ ਪਾਬਲਾ (ਹੁਸ਼ਿਆਰਪੁਰ), ਐਡਵੋਕੇਟ ਹਰਦੀਪ ਸਿੰਘ (ਪਟਿਆਲਾ), ਬੀਬੀ ਭੁਪਿੰਦਰ ਕੌਰ (ਫ਼ਿਰੋਜ਼ਪੁਰ) ਤੇ ਜਸਵੀਰ ਕੌਰ ਸ਼ੇਰਗਿੱਲ (ਸੰਗਰੂਰ) ਦੇ ਨਾਂ ਸ਼ਾਮਲ ਹਨ।