ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਦੀ ਟੀਮ ਨੇ ਬੀਤੀ ਸ਼ਾਮ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਨੇੜਿਓਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਐਫ) ਦੇ ਸਰਗਰਮ ਕਾਰਕੁਨ ਤੇ ਬੀਤੇ ਦਿਨੀਂ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਫੜ੍ਹੇ ਗਏ ਆਕਾਸ਼ਦੀਪ ਦੇ ਸਾਥੀ ਸਾਜਨਪ੍ਰੀਤ ਨੂੰ ਗ੍ਰਿਫਤਾਰ ਕੀਤਾ। ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਉਸ ਨੂੰ ਅੱਜ ਅੰਮ੍ਰਿਤਸਰ ਵਿੱਚ ਡਿਊਟੀ ਮੈਜਿਸਟਰੇਟ ਦਵਿੰਦਰ ਸਿੰਘ ਜੇਐਮਆਈਸੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਸਾਜਨਪ੍ਰੀਤ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।
ਹੁਣ ਸਾਜਨਪ੍ਰੀਤ ਨੂੰ ਸੱਤ ਅਕਤੂਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਾਜਨਪ੍ਰੀਤ ਆਕਾਸ਼ਦੀਪ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਆਕਾਸ਼ਦੀਪ ਵੱਲੋਂ ਜੋ ਦੋ ਡਰੋਨ ਨਸ਼ਟ ਕੀਤੇ ਗਏ ਸੀ, ਉਨ੍ਹਾਂ ਦੇ ਪਿੱਛੇ ਸਾਜਨਪ੍ਰੀਤ ਦਾ ਵੀ ਹੱਥ ਸੀ, ਜਿਸ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਆਏ ਡਰੋਨ, ਜੋ ਭਾਰਤ ਦੇ ਖੇਤਰ ਵਿੱਚ ਕਰੈਸ਼ ਹੋ ਗਏ ਸਨ, ਦੇ ਰਹਿੰਦੇ ਪੁਰਜ਼ਿਆਂ ਨੂੰ ਨਸ਼ਟ ਕੀਤਾ ਸੀ।
ਆਕਾਸ਼ ਵੀ ਪੁਲਿਸ ਰਿਮਾਂਡ ਵਿੱਚ ਹੈ। ਆਕਾਸ਼ਦੀਪ ਤੇ ਉਸ ਦੇ ਸਾਥੀਆਂ ਦੀ ਸਖ਼ਤੀ ਨਾਲ ਹੋਈ ਪੁੱਛਗਿਛ ਤੋਂ ਬਾਅਦ ਹੀ ਪੁਲਿਸ ਨੂੰ ਸਾਜਨਪ੍ਰੀਤ ਦਾ ਨਾਂ ਪਤਾ ਲੱਗਾ। ਹੁਣ ਪੁਲਿਸ ਸਾਜਨਪ੍ਰੀਤ ਦਾ ਪਿਛਲਾ ਸਾਰਾ ਰਿਕਾਰਡ ਫਰੋਲਣ ਵਿੱਚ ਲੱਗੀ ਹੋਈ ਹੈ। ਆਕਾਸ਼ਦੀਪ ਤੇ ਉਸ ਦੇ ਸਾਥੀਆਂ ਨੂੰ ਭਲਕੇ ਤਿੰਨ ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਦਕਿ ਸਾਜਨਪ੍ਰੀਤ ਨੂੰ 7 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ।
ਪੁਲਿਸ ਹੁਣ ਇਸ ਸਾਰੇ ਘਟਨਾਕ੍ਰਮ ਦੀਆਂ ਤਾਰਾਂ ਆਪਸ ਵਿੱਚ ਜੋੜਨ 'ਚ ਲੱਗੀ ਹੋਈ ਹੈ ਤਾਂ ਕਿ ਆਕਾਸ਼ਦੀਪ ਤੇ ਸਾਜਨਪ੍ਰੀਤ ਦੇ ਸਾਰੇ ਗਰੁੱਪ ਦਾ ਮਕਸਦ ਪਤਾ ਲੱਗ ਸਕੇ ਕਿ ਆਖਿਰ ਇਹ ਹਥਿਆਰ ਭਾਰਤ ਵਿੱਚ ਕਿਸ ਮਕਸਦ ਲਈ ਮੰਗਵਾਏ ਗਏ ਸਨ।