ਚੰਡੀਗੜ੍ਹ: ਸੰਗਰੂਰ ਦੇ ਪਿੰਡ ਭਿੰਡਰਾਂ ਕੋਲ ਇੱਕ ਬੱਸ, ਕਾਰ ਤੇ ਮੋਟਰਸਾਈਕਲ ਦੇ ਟਕਰਾ ਜਾਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਪਿਉ ਤੇ ਉਸ ਦੇ ਪੁੱਤ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਪਰਿਵਾਰ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਸੀ ਜਿਵੇਂ ਹੀ ਉਹ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਸਥਿਤ ਸੰਦਲੀ ਦਰਵਾਜ਼ਾ ਨਾਮਕ ਰੈਸਟੋਰੈਂਟ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ।
ਸਿੱਟੇ ਵਜੋਂ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਛੋਟੀ ਬੱਚੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚ ਕੇ ਤਿੰਨਾਂ ਦੀ ਮੌਤ ਹੋ ਗਈ।
ਉੱਧਰ ਸੰਗਰੂਰ ਵਿੱਚ ਪਿੰਡ ਭਿੰਡਰਾਂ ਨਜ਼ਦੀਕ ਪਟਿਆਲਾ-ਬਠਿੰਡਾ ਰਾਜਮਾਰਗ 'ਤੇ ਸੰਗਰੂਰ ਵੱਲ ਨੂੰ ਆ ਰਹੇ ਮੋਟਰਸਾਈਕਲ, ਕਾਰ ਤੇ ਬੱਸ ਦੀ ਟੱਕਰ ਵਿੱਚ ਕਾਰ ਸਵਾਰ 2 ਲੋਕਾਂ ਸਮੇਤ 3 ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਪਟਿਆਲਾ ਦੇ ਰਹਿਣ ਵਾਲੇ ਤੇ ਪੰਜਾਬੀ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਅਜੀਤ ਸਿੰਘ ਤੇ ਪਟਿਆਲਾ ਦੇ ਪੌਲੀਟੈਕਨਿਕ ਕਾਲਜ ਵਿੱਚ ਲੈਕਚਰਾਰ ਉਨ੍ਹਾਂ ਦੇ ਪੁੱਤਰ ਰਮਨਦੀਪ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਾਰ ਵਿੱਚ ਹੀ ਸਵਾਰ ਮ੍ਰਿਤਕ ਅਜੀਤ ਸਿੰਘ ਦੀ ਪਤਨੀ ਮੋਹਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਜੋ ਪੀ.ਜੀ.ਆਈ. ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਸ ਪਿੰਡ ਦੇ ਅੱਡੇ 'ਤੇ ਰੁਕਣ ਲੱਗੀ ਤਾਂ ਪਿੱਛੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਬੱਸ ਦੇ ਪਿੱਛੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਕਾਰ ਸਵਾਰਾਂ ਦੇ ਨਾਲ ਨਾਲ ਇੱਕ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ ਹੈ। ਬੱਸ ਵਿੱਚ ਸਵਾਰ ਮੁਸਾਫਰਾਂ ਵਿੱਚੋਂ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।