ਗੁਰਦਾਸਪੁਰ: ਪਿਛਲੇ ਲੰਮੇ ਸਮੇਂ ਤੋਂ ਇਰਾਕ ਵਿੱਚ ਤਕਰੀਬਨ 39 ਭਾਰਤੀ ਨੌਜਵਾਨਾਂ ਦੇ ਫਸੇ ਹੋਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਇਨ੍ਹਾਂ ਨੌਜਵਾਨਾਂ ਵਿੱਚ ਜ਼ਿਆਦਾਤਰ ਪੰਜਾਬੀ ਹਨ ਤੇ ਉਨ੍ਹਾਂ ਵਿੱਚੋਂ ਕਾਫੀ ਅੰਮ੍ਰਿਤਸਰ ਤੋਂ ਹਨ। ਇਨ੍ਹਾਂ ਪੰਜਾਬੀਆਂ ਵਿੱਚ ਬਟਾਲਾ ਦੇ 3 ਪਿੰਡਾਂ ਦੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਸਿਹਤ ਵਿਭਾਗ ਦੀ ਟੀਮ ਵੱਲੋਂ ਡੀ.ਐਨ.ਏ. ਟੈਸਟ ਲਈ ਨੌਜਵਾਨਾਂ ਦੇ ਮਾਪਿਆਂ ਦੇ ਨਮੂਨੇ ਲਏ ਗਏ ਹਨ।
ਬਟਾਲਾ ਨਜ਼ਦੀਕ ਵਸਦੇ ਪਿੰਡ ਤਲਵੰਡੀ ਦੇ ਨੌਜਵਾਨ ਧਰਮਿੰਦਰ ਦੇ ਘਰ ਅੱਜ ਬਟਾਲਾ ਐਸ.ਐਮ.ਓ. ਦੀ ਅਗਵਾਈ ਵਿੱਚ ਟੀਮ ਨੇ ਉਸ ਦੀ ਮਾਤਾ ਦੇ ਖ਼ੂਨ ਦੇ ਨਮੂਨੇ ਲਏ। ਇਸੇ ਤਰ੍ਹਾਂ ਫ਼ਤਿਹਗੜ੍ਹ ਚੂੜੀਆਂ ਦੇ ਲਾਗੇ ਵਸਦੇ ਪਿੰਡ ਰੂਪੋਵਾਲੀ ਦੇ ਨੌਜਵਾਨ ਕੰਵਲਜੀਤ ਦੇ ਘਰ ਵੀ ਸਿਹਤ ਵਿਭਾਗ ਦੀ ਟੀਮ ਨੇ ਉਸ ਦੀ ਮਾਤਾ ਦੇ ਨਮੂਨੇ ਲਏ। ਅਜਿਹਾ ਹੀ ਇੱਕ ਪਰਿਵਾਰ ਪਿੰਡ ਤੇਲੀਆਂਵਾਲ ਵਿੱਚ ਵੀ ਵਸਦਾ ਹੈ, ਜਿੱਥੋਂ ਵੀ ਸਿਹਤ ਵਿਭਾਗ ਦੀ ਟੀਮ ਨੇ ਡੀ.ਐਨ.ਏ. ਟੈਸਟ ਲਈ ਨਮੂਨੇ ਹਾਸਲ ਕੀਤੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਬਾਕ ਸਿਹਤ ਵਿਭਾਗ ਨੂੰ ਕੇਂਦਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਇਰਾਕ ਵਿੱਚ ਗਏ ਨੌਜਵਾਨਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟ ਲਈ ਨਮੂਨੇ ਹਾਸਲ ਕੀਤੇ ਜਾਣ। ਵਿਭਾਗ ਨੂੰ ਚਿੱਠੀ ਪ੍ਰਾਪਤ ਹੋਈ ਹੈ ਜਿਸ ਵਿੱਚ ਇਹ ਸਾਰੇ ਨਮੂਨੇ ਇਕੱਤਰ ਕਰ ਕੇ ਅੱਗੇ ਜਾਂਚ ਲਈ ਭੇਜਣ ਹਨ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਜਿਹੀ ਹੀ ਇੱਕ ਚਿੱਠੀ ਅੰਮ੍ਰਿਤਸਰ ਦੇ ਇੱਕ ਮੈਡੀਕਲ ਕਾਲਜ ਨੂੰ ਵੀ ਭੇਜੀ ਗਈ ਹੈ। ਇਰਾਕ ਗਏ ਨੌਜਵਾਨਾਂ ਵਿੱਚੋਂ ਕਈ ਪਰਿਵਾਰ ਅੰਮ੍ਰਿਤਸਰ ਦੇ ਹਨ ਤੇ ਉੱਥੇ ਵੀ ਡੀ.ਐਨ.ਏ. ਟੈਸਟ ਲਈ ਸਬੰਧਤ ਪਰਿਵਾਰਾਂ ਨੂੰ ਮੈਡੀਕਲ ਕਾਲਜ ਵਿੱਚ ਇਕੱਤਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2014 ਵਿੱਚ ਇਰਾਕ ਵਿੱਚ ਦਹਿਸ਼ਤਗਰਤ ਜੱਥੇਬੰਦੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ, ਜੁਲਾਈ 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈ.ਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਵਾਰ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ।
ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ 'ਚੋਂ ਨਿਕਲ ਕੇ ਆਏ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈ.ਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ। ਅਗ਼ਵਾ ਹੋਏ 39 ਦੇ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਅਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ।
ਜਦੋਂ ਮੋਸੂਲ ਤੋਂ ਦਹਿਸ਼ਤਗਰਦਾਂ ਨੂੰ ਖਦੇੜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਾਰੇ ਪਰਿਵਾਰ ਆਪਣੇ ਬੱਚਿਆਂ ਦਾ ਹਾਲ ਜਾਣਨ ਲਈ ਬੇਚੈਨ ਸਨ। ਹੁਣ ਸਰਕਾਰ ਵੱਲੋਂ ਇਰਾਕ ਗਏ ਨੌਜਵਾਨਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟ ਦੇ ਫੁਰਮਾਨ ਨੇ ਪੀੜਤ ਪਰਵਾਰਾਂ ਦੇ ਹੌਸਲੇ ਤੋੜ ਦਿੱਤੇ ਹਨ। ਉਨ੍ਹਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਨੂੰ ਇਰਾਕ ਵਿੱਚ ਮਾਰ ਤਾਂ ਨਹੀਂ ਦਿੱਤਾ ਗਿਆ ਤੇ ਪਛਾਣ ਲਈ ਇਹ ਟੈਸਟ ਕਰਨ ਦੀ ਲੋੜ ਪੈ ਰਹੀ ਹੈ?